ਮੁੱਖ ਨੁਕਤੇ (Key points)
- ਰੈਸਪੀਰੇਟਰੀ ਸਿੰਸੀਸ਼ੀਅਲ ਵਾਇਰਸ (RSV) ਇੱਕ ਅਜਿਹਾ ਵਾਇਰਸ ਹੈ ਜੋ ਫੇਫੜਿਆਂ ਅਤੇ ਸਾਹ ਲੈਣ ਵਾਲੀਆਂ ਨਾਲੀਆਂ ਨੂੰ ਪ੍ਰਭਾਵਿਤ ਕਰਦਾ ਹੈ।
- RSV ਬੱਚਿਆਂ ਵਿੱਚ ਸਾਹ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਆਮ ਕਾਰਨ ਹੈ।
- RSV ਤੋਂ ਹੋਣ ਵਾਲੇ ਇਨਫੈਕਸ਼ਨ ਦੇ ਲੱਛਣਾਂ ਵਿੱਚ ਅਕਸਰ ਨੱਕ ਵਗਣਾ, ਖੰਘ, ਘਰਘਰਾਹਟ ਅਤੇ ਬੁਖ਼ਾਰ ਸ਼ਾਮਲ ਹੁੰਦੇ ਹਨ।
- RSV ਇਨਫੈਕਸ਼ਨ ਦੇ ਜ਼ਿਆਦਾਤਰ ਮਾਮਲੇ ਹਲਕੇ ਹੁੰਦੇ ਹਨ ਅਤੇ ਘਰ ਵਿੱਚ ਆਰਾਮ ਕਰਨ ਅਤੇ ਤਰਲ ਪਦਾਰਥਾਂ ਨਾਲ ਠੀਕ ਹੋ ਜਾਂਦੇ ਹਨ।
- RSV ਬਹੁਤ ਆਸਾਨੀ ਨਾਲ ਫ਼ੈਲਦਾ ਹੈ; ਆਪਣੇ ਬੱਚੇ ਨੂੰ ਚੰਗੀ ਸਾਫ਼-ਸਫ਼ਾਈ ਵਾਲੀਆਂ ਆਦਤਾਂ ਸਿਖਾਓ।
- ਜਦ ਤੱਕ ਬੱਚੇ ਵਿੱਚ ਲੱਛਣ ਹੋਣ, ਉਹਨਾਂ ਨੂੰ ਨਵਜੰਮੇ ਬੱਚਿਆਂ ਅਤੇ ਕਮਜ਼ੋਰ ਸਰੀਰਕ ਪ੍ਰਤੀਰੋਧਤਾ ਪ੍ਰਣਾਲੀ (ਇਮਿਊਨ ਸਿਸਟਮ) ਵਾਲੇ ਲੋਕਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ।
- ਜੇਕਰ ਤੁਹਾਡਾ ਬੱਚਾ ਠੀਕ ਮਹਿਸੂਸ ਕਰਦਾ ਹੈ ਅਤੇ ਉਸਦੇ ਲੱਛਣਾਂ ਵਿੱਚ ਸੁਧਾਰ ਹੋਇਆ ਹੈ ਤਾਂ ਉਹ ਕਿੰਡਰਗਾਰਟਨ ਜਾਂ ਸਕੂਲ ਜਾ ਸਕਦਾ ਹੈ।
- ਆਸਟ੍ਰੇਲੀਆ ਵਿੱਚ, ਹੁਣ ਬੱਚਿਆਂ ਨੂੰ RSV ਤੋਂ ਬਚਾਉਣ ਲਈ ਮੁਫ਼ਤ RSV ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਰੈਸਪੀਰੇਟਰੀ ਸਿੰਸੀਸ਼ੀਅਲ ਵਾਇਰਸ (RSV) ਕੀ ਹੈ? (What is respiratory syncytial virus (RSV)?)
ਰੈਸਪੀਰੇਟਰੀ ਸਿੰਸੀਸ਼ੀਅਲ (ਸਿਨ-ਸਿਟੀ-ਅਲ) ਵਾਇਰਸ (RSV) ਇੱਕ ਅਜਿਹਾ ਵਾਇਰਸ ਹੈ ਜੋ ਨੱਕ, ਗਲੇ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਬੱਚਿਆਂ ਵਿੱਚ ਸਾਹ ਦੀ ਨਾਲੀ (ਸਾਹ ਲੈਣ ਵਾਲੀ ਨਾਲੀ) ਦੇ ਇਨਫੈਕਸ਼ਨ ਦਾ ਸਭ ਤੋਂ ਵੱਡਾ ਆਮ ਕਾਰਨ ਹੈ।
RSV ਕਿਸੇ ਨੂੰ ਵੀ ਹੋ ਸਕਦਾ ਹੈ – ਸਿਰਫ਼ ਬੱਚਿਆਂ ਨੂੰ ਹੀ ਨਹੀਂ। ਇਹ ਇੱਕ ਬਹੁਤ ਹੀ ਛੂਤਕਾਰੀ ਵਾਇਰਸ ਹੈ। ਜ਼ਿਆਦਾਤਰ ਬੱਚਿਆਂ ਨੂੰ ਉਨ੍ਹਾਂ ਦੇ ਦੂਜੇ ਜਨਮਦਿਨ ਤੱਕ ਕਿਸੇ ਨਾ ਕਿਸੇ ਪੜਾਅ 'ਤੇ RSV ਹੋ ਚੁੱਕਾ ਹੁੰਦਾ ਹੈ, ਅਤੇ RSV ਇੱਕ ਤੋਂ ਵੱਧ ਵਾਰ ਹੋਣਾ ਸੰਭਵ ਹੈ।
ਜ਼ੁਕਾਮ ਅਤੇ RSV ਵਿੱਚ ਕੀ ਅੰਤਰ ਹੈ? (What is the difference between a cold and RSV?)
RSV ਬਹੁਤ ਸਾਰੇ ਵਾਇਰਸਾਂ ਵਿੱਚੋਂ ਇੱਕ ਹੈ ਜੋ ਸਾਹ ਦੇ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ, ਜਿਸ ਵਿੱਚ ਆਮ ਜ਼ੁਕਾਮ ਵੀ ਸ਼ਾਮਲ ਹੈ। ਇਹ ਕੋਈ ਵੱਖਰੀ ਬਿਮਾਰੀ ਨਹੀਂ ਹੈ।
ਜ਼ਿਆਦਾਤਰ ਮਾਮਲਿਆਂ ਵਿੱਚ, RSV ਕਾਰਨ ਹਲਕਾ ਜ਼ੁਕਾਮ ਹੁੰਦਾ ਹੈ, ਜਿਸ ਵਿੱਚ ਨੱਕ ਵੱਗਣਾ ਅਤੇ ਖੰਘ ਵਰਗੇ ਲੱਛਣ ਹੁੰਦੇ ਹਨ, ਜੋ ਕਿ ਇੱਕ ਜਾਂ ਦੋ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਹਾਲਾਂਕਿ, ਇਹ ਵਾਇਰਸ ਕੁੱਝ ਬੱਚਿਆਂ ਵਿੱਚ ਵਧੇਰੇ ਗੰਭੀਰ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਬ੍ਰੌਨਕਿਓਲਾਈਟਿਸ ਅਤੇ ਨਮੂਨੀਆ – pਖ਼ਾਸ ਕਰਕੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਜਾਂ ਜਿਨ੍ਹਾਂ ਬੱਚਿਆਂ ਵਿੱਚ ਸਮੇਂ ਤੋਂ ਪਹਿਲਾਂ ਜਨਮ ਹੋਣ ਜਾਂ ਫੇਫੜਿਆਂ ਦੀ ਪੁਰਾਣੀ ਬਿਮਾਰੀ ਵਰਗੇ ਜ਼ੋਖਮ ਕਾਰਕ ਹੁੰਦੇ ਹਨ। ਇਹ ਵਾਇਰਸ ਮੌਜੂਦਾ ਬਿਮਾਰੀਆਂ, ਜਿਵੇਂ ਕਿ ਦਮਾ ਰੋਗ, ਨੂੰ ਵੀ ਹੋਰ ਬਦਤਰ ਬਣਾ ਸਕਦਾ ਹੈ।
RSV ਦੇ ਲੱਛਣ ਅਤੇ ਨਿਸ਼ਾਨੀਆਂ (Signs and symptoms of RSV)
ਜ਼ਿਆਦਾਤਰ ਬੱਚਿਆਂ ਵਿੱਚ, RSV ਆਮ ਤੌਰ 'ਤੇ ਹਲਕੇ ਇਨਫੈਕਸ਼ਨ ਦਾ ਕਾਰਨ ਬਣਦਾ ਹੈ, ਜਿਸਦੇ ਲੱਛਣ ਇੱਕ ਤੋਂ ਦੋ ਹਫ਼ਤਿਆਂ ਤੱਕ ਰਹਿੰਦੇ ਹਨ।
RSV ਇਨਫੈਕਸ਼ਨ ਦੇ ਸਭ ਤੋਂ ਆਮ ਲੱਛਣ ਹਨ:
- ਨੱਕ ਵੱਗਣਾ
- ਖੰਘ
- ਘਰਘਰਾਹਟ
- ਸਾਹ ਲੈਣ ਵਿੱਚ ਤਕਲੀਫ਼
- ਬੁਖ਼ਾਰ।
ਤੁਹਾਡਾ ਬੱਚਾ RSV ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਕਈ ਦਿਨਾਂ ਬਾਅਦ ਹੀ ਲੱਛਣ ਦਿਖਾਉਣੇ ਸ਼ੁਰੂ ਕਰ ਸਕਦਾ ਹੈ।
RSV ਦੇ ਜ਼ਿਆਦਾਤਰ ਮਾਮਲੇ ਘਰ ਵਿੱਚ ਖ਼ੂਬ ਸਾਰਾ ਆਰਾਮ ਕਰਨ ਅਤੇ ਤਰਲ ਪਦਾਰਥ ਪੀਣ ਨਾਲ ਠੀਕ ਹੋ ਜਾਣਗੇ। ਹਾਲਾਂਕਿ, RSV ਵਧੇਰੇ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੋ ਤੁਹਾਡੇ ਬੱਚੇ ਦੇ ਖਾਣ-ਪੀਣ ਅਤੇ ਸਾਹ ਲੈਣ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਆਪਣੇ ਬੱਚੇ ਦੇ ਲੱਛਣਾਂ 'ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ।
ਕੀ RSV ਛੂਤਕਾਰੀ ਹੈ? (Is RSV contagious?)
RSV ਬਹੁਤ ਜ਼ਿਆਦਾ ਛੂਤਕਾਰੀ ਹੈ। ਇਸਦਾ ਮਤਲਬ ਹੈ ਕਿ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਆਸਾਨੀ ਨਾਲ ਫ਼ੈਲ ਜਾਂਦਾ ਹੈ। ਜੇਕਰ ਤੁਹਾਡੇ ਬੱਚੇ ਨੂੰ RSV ਇਨਫੈਕਸ਼ਨ ਹੈ, ਤਾਂ ਉਹਨਾਂ ਦੇ ਲੱਛਣ ਸ਼ੁਰੂ ਹੋਣ ਤੋਂ ਬਾਅਦ ਅੱਠ ਦਿਨਾਂ ਤੱਕ, ਉਹਨਾਂ ਦੇ ਵਾਇਰਸ ਨੂੰ ਦੂਜੇ ਲੋਕਾਂ ਵਿੱਚ ਫ਼ੈਲਾਉਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਕਈ ਵਾਰ ਉਹ ਬਿਮਾਰੀ ਦੇ ਕੋਈ ਵੀ ਲੱਛਣ ਦਿਖਾਉਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਵੀ RSV ਨੂੰ ਫ਼ੈਲਾ ਸਕਦੇ ਹਨ।
RSV ਛਿੱਕਾਂ, ਖੰਘ ਜਾਂ ਗੱਲਬਾਤ ਦੌਰਾਨ ਨਿੱਕਲਣ ਵਾਲੀਆਂ ਬੂੰਦਾਂ ਰਾਹੀਂ ਫ਼ੈਲਦਾ ਹੈ। ਜਦੋਂ ਇਸ ਨਾਲ ਗ੍ਰਸਤ ਲੋਕ ਗੱਲ ਕਰਦੇ ਹਨ, ਖੰਘਦੇ ਹਨ ਜਾਂ ਛਿੱਕਦੇ ਹਨ, ਤਾਂ ਉਹ ਬੂੰਦਾਂ ਨੂੰ ਹਵਾ ਵਿੱਚ ਜਾਂ ਸਤਹਾਂ 'ਤੇ ਛੱਡ ਦਿੰਦੇ ਹਨ। ਇਹ ਵਾਇਰਸ ਖਿਡੌਣਿਆਂ ਵਰਗੀਆਂ ਸਤਹਾਂ 'ਤੇ ਕਈ ਘੰਟਿਆਂ ਤੱਕ, ਅਤੇ ਬਿਨਾਂ ਧੋਤੇ ਹੱਥਾਂ 'ਤੇ 60 ਮਿੰਟਾਂ ਤੱਕ ਜੀਵਤ ਰਹਿ ਸਕਦਾ ਹੈ।
RSV ਨੂੰ ਫ਼ੈਲਣ ਤੋਂ ਰੋਕਣਾ (Stopping the spread of RSV)
ਤੁਹਾਡੇ ਬੱਚੇ ਨੂੰ RSV ਫ਼ੈਲਾਉਣ ਤੋਂ ਰੋਕਣਾ ਔਖਾ ਹੋ ਸਕਦਾ ਹੈ – ਖ਼ਾਸ ਕਰਕੇ ਜੇ ਉਹ ਛੋਟੇ ਹਨ। ਉਨ੍ਹਾਂ ਨੂੰ ਚੰਗੀ ਸਾਫ਼-ਸਫ਼ਾਈ ਦਾ ਅਭਿਆਸ ਕਰਨਾ ਸਿਖਾਉਣ ਨਾਲ ਇਹ ਵਾਇਰਸ ਦੂਜਿਆਂ ਤੱਕ ਫ਼ੈਲਣ ਤੋਂ ਰੋਕਣ ਵਿੱਚ ਮੱਦਦ ਮਿਲੇਗੀ।
RSV ਨੂੰ ਫ਼ੈਲਣ ਤੋਂ ਬਚਾਉਣ ਦੇ ਸਭ ਤੋਂ ਵਧੀਆ ਤਰੀਕੇ ਇਹ ਹਨ:
- ਜਦ ਤੱਕ ਤੁਹਾਡਾ ਬੱਚਾ ਬਿਮਾਰ ਹੈ, ਉਨ੍ਹਾਂ ਨੂੰ ਪੀਣ ਵਾਲੇ ਪਦਾਰਥ, ਚਮਚੇ ਆਦਿ ਜਾਂ ਖਿਡੌਣੇ (ਜੇਕਰ ਸੰਭਵ ਹੋਵੇ) ਹੋਰਾਂ ਨਾਲ ਸਾਂਝੇ ਨਾ ਕਰਨ ਦਿਓ, ਅਤੇ ਇਨ੍ਹਾਂ ਚੀਜ਼ਾਂ ਨੂੰ, ਸਤਹਾਂ ਦੇ ਨਾਲ-ਨਾਲ, ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੰਗੀ ਤਰ੍ਹਾਂ ਧੋਵੋ ਜਾਂ ਰੋਗਾਣੂ-ਮੁਕਤ (ਸੈਨੇਟਾਈਜ਼) ਕਰੋ।
- ਆਪਣੇ ਬੱਚੇ ਨੂੰ ਇਹ ਸਿਖਾਓ ਕਿ ਉਹ ਖੰਘਣ ਜਾਂ ਛਿੱਕਣ ਸਮੇਂ ਰੁਮਾਲ ਜਾਂ ਟਿਸ਼ੂ ਵਿਚ ਖੰਘਣ/ਛਿੱਕਣ, ਅਤੇ ਫਿਰ ਉਸ ਟਿਸ਼ੂ ਨੂੰ ਸੁੱਟ ਦੇਣ।
- ਆਪਣੇ ਬੱਚੇ ਨੂੰ ਵਾਰ-ਵਾਰ ਹੱਥ ਧੋਣਾ ਸਿਖਾਓ, ਖ਼ਾਸ ਕਰਕੇ ਨੱਕ ਸਾਫ਼ ਕਰਨ ਤੋਂ ਬਾਅਦ।
- ਜਦ ਤੱਕ ਤੁਹਾਡਾ ਬੱਚਾ ਬਿਮਾਰ ਹੈ, ਉਸ ਨੂੰ ਨਵਜੰਮੇ ਬੱਚਿਆਂ ਜਾਂ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਤੋਂ ਦੂਰ ਰੱਖੋ।
ਜੇਕਰ ਤੁਹਾਡਾ ਬੱਚਾ ਦੋ ਸਾਲ ਤੋਂ ਵੱਧ ਉਮਰ ਦਾ ਹੈ, ਤਾਂ ਮਾਸਕ ਪਾਉਣਾ ਅਤੇ ਜ਼ਰੂਰੀ ਸਰੀਰਕ ਦੂਰੀ ਬਣਾਈ ਰੱਖਣਾ RSV ਦੇ ਫ਼ੈਲਣ ਨੂੰ ਰੋਕਣ ਵਿੱਚ ਮਦਦਗਾਰ ਹੋ ਸਕਦਾ ਹੈ। ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮਾਸਕ ਲਗਾਉਣੇ ਸਾਹ ਘੁੱਟਣ ਦਾ ਖ਼ਤਰਾ ਹਨ।
ਘਰ ਵਿੱਚ RSV ਦੀ ਸੰਭਾਲ ਕਿਵੇਂ ਕਰੀਏ? (How to care for RSV at home)
- ਜੇਕਰ ਤੁਹਾਡਾ ਬੱਚਾ ਠੀਕ ਮਹਿਸੂਸ ਨਹੀਂ ਕਰ ਰਿਹਾ, ਜਾਂ ਬਹੁਤ ਜ਼ਿਆਦਾ ਖੰਘ ਜਾਂ ਛਿੱਕ ਰਿਹਾ ਹੈ, ਤਾਂ ਉਸਨੂੰ ਘਰ ਰੱਖੋ।
- ਜੇਕਰ ਤੁਹਾਡਾ ਬੱਚਾ ਠੀਕ ਮਹਿਸੂਸ ਕਰਦਾ ਹੈ, ਉਹ ਥੋੜ੍ਹਾ-ਬਹੁਤ ਖੰਘ ਅਤੇ ਛਿੱਕ ਰਿਹਾ ਹੈ, ਅਤੇ ਠੀਕ ਖਾ-ਪੀ ਰਿਹਾ ਹੈ, ਤਾਂ ਉਹ ਆਮ ਗਤਿਵਿਧੀਆਂ ਜਿਵੇਂ ਕਿ ਚਾਈਲਡਕੇਅਰ ਜਾਂ ਸਕੂਲ ਜਾਣਾ ਜਾਰੀ ਰੱਖ ਸਕਦਾ ਹੈ।
- ਆਪਣੇ ਬੱਚੇ ਨੂੰ ਵੱਧ ਵਾਰ ਪਰੰਤੂ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਪੀਣ ਲਈ ਉਤਸ਼ਾਹਿਤ ਕਰੋ। ਜੇਕਰ ਤੁਹਾਡਾ ਬੱਚਾ ਇੱਕ ਸਾਲ ਤੋਂ ਘੱਟ ਉਮਰ ਦਾ ਹੈ, ਤਾਂ ਉਸਨੂੰ ਨਿਯਮਿਤ ਤੌਰ 'ਤੇ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਜਿਵੇਂ ਕਿ ਮਾਂ ਦਾ ਦੁੱਧ, ਫਾਰਮੂਲਾ ਜਾਂ ਪਾਣੀ ਦਿਓ।
- ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਬਹੁਤ ਸਾਰਾ ਆਰਾਮ ਮਿਲੇ।
ਮੱਦਦ ਕਦੋਂ ਲੈਣੀ ਹੈ? (When to get help)
|
ਤੁਰੰਤ ਐਂਬੂਲੈਂਸ (000) ਨੂੰ ਫ਼ੋਨ ਕਰੋ ਜੇਕਰ:
|
- ਤੁਹਾਡੇ ਬੱਚੇ ਦਾ ਰੰਗ ਨੀਲਾ ਪੈਣ ਲੱਗ ਪਏ, ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਸਾਹ ਲੈਣ ਵਿੱਚ ਰੁਕਾਵਟ ਆ ਰਹੀ ਹੋਵੇ (ਐਪਨੀਆ) ਜਾਂ ਬਹੁਤ ਔਖੇ ਜਾਂ ਤੇਜ਼ ਸਾਹ ਲੈ ਰਿਹਾ ਹੈ।
|
|
ਹਸਪਤਾਲ ਜਾਓ ਜੇਕਰ:
|
- ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਜਾਂ ਤੇਜ਼-ਤੇਜ਼ ਸਾਹ ਲੈ ਰਿਹਾ ਹੈ।
- ਤੁਹਾਡਾ ਬੱਚਾ ਆਪਣੀ ਆਮ ਖ਼ੁਰਾਕ ਤੋਂ ਅੱਧੀ ਤੋਂ ਵੀ ਘੱਟ ਖਾ ਰਿਹਾ ਹੋਵੇ।
- ਤੁਹਾਡਾ ਬੱਚਾ ਤਿੰਨ ਮਹੀਨਿਆਂ ਤੋਂ ਘੱਟ ਉਮਰ ਦਾ ਹੈ ਅਤੇ ਥੱਕਿਆ-ਥੱਕਿਆ ਜਾਂ ਬਿਮਾਰ ਲੱਗ ਰਿਹਾ ਹੋਵੇ।
|
|
ਡਾਕਟਰ ਜਾਂ ਸਿਹਤ ਪੇਸ਼ੇਵਰ ਨੂੰ ਮਿਲੋ ਜੇਕਰ:
|
- ਤੁਹਾਡਾ ਬੱਚਾ ਤਿੰਨ ਮਹੀਨਿਆਂ ਤੋਂ ਘੱਟ ਉਮਰ ਦਾ ਹੈ ਅਤੇ ਉਸਨੂੰ 38°C ਤੋਂ ਵੱਧ ਬੁਖ਼ਾਰ ਹੈ।
- ਤੁਹਾਡੇ ਬੱਚੇ ਨੂੰ ਬੁਖ਼ਾਰ ਹੈ, ਅਤੇ ਉਹ ਠੀਕ ਨਹੀਂ ਲੱਗ ਰਿਹਾ।
- ਤੁਹਾਡਾ ਬੱਚਾ ਇੱਕ ਸਾਲ ਤੋਂ ਘੱਟ ਉਮਰ ਦਾ ਹੈ ਅਤੇ ਉਸਨੂੰ ਦੁੱਧ ਚੁੰਘਣ ਵਿੱਚ ਮੁਸ਼ਕਿਲ ਆ ਰਹੀ ਹੈ।
- ਤੁਹਾਡੇ ਬੱਚੇ ਨੂੰ ਖੰਘ ਹੈ, ਜੋ ਵਿਗੜ ਰਹੀ ਹੈ ਜਾਂ ਉਸਦੇ ਸਾਹ ਲੈਣ 'ਤੇ ਅਸਰ ਪਾ ਰਹੀ ਹੈ।
- ਤੁਹਾਡੇ ਬੱਚੇ ਨੂੰ ਕੋਈ ਅਜਿਹੀ ਡਾਕਟਰੀ ਸਮੱਸਿਆ ਹੈ ਜੋ ਉਹਨਾਂ ਨੂੰ RSV ਤੋਂ ਵੀ ਵੱਧ ਗੰਭੀਰ ਬਿਮਾਰੀ ਜਿਵੇਂ ਕਿ ਫੇਫੜਿਆਂ ਦੀ ਪੁਰਾਣੀ ਬਿਮਾਰੀ ਜਾਂ ਜਮਾਂਦਰੂ ਦਿਲ ਦੀ ਬਿਮਾਰੀ ਦੇ ਵੱਧ ਜ਼ੋਖਮ 'ਤੇ ਰੱਖਦੀ ਹੈ।
|
|
ਆਪਣੇ ਬੱਚੇ ਦੀ ਘਰ ਵਿੱਚ ਦੇਖਭਾਲ ਕਰੋ ਜੇਕਰ:
|
- ਉਹਨਾਂ ਵਿੱਚ RSV ਇਨਫੈਕਸ਼ਨ ਦੇ ਖ਼ਾਸ ਲੱਛਣ ਹਨ ਜਿਵੇਂ ਕਿ ਵਗਦਾ ਨੱਕ, ਖੰਘ ਜਾਂ ਘਰਘਰਾਹਟ।
|
ਗਰਭਵਤੀ ਔਰਤਾਂ ਲਈ RSV ਟੀਕਾਕਰਨ ਅਤੇ ਬੱਚਿਆਂ ਲਈ RSV ਟੀਕਾਕਰਨ (RSV vaccine for pregnant women and RSV immunisation for infants)
2025 ਦੇ ਸ਼ੁਰੂ ਵਿੱਚ, ਆਸਟ੍ਰੇਲੀਆਈ ਸਰਕਾਰ ਨੇ ਬੱਚਿਆਂ ਨੂੰ RSV ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਹੈ। 'RSV ਮਦਰ ਐਂਡ ਇਨਫੈਂਟ ਪ੍ਰੋਟੈਕਸ਼ਨ ਪ੍ਰੋਗਰਾਮ' ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਟੀਕੇ ਸ਼ਾਮਲ ਹਨ ਜਿਨ੍ਹਾਂ ਨੂੰ ਗੰਭੀਰ RSV ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ।
ਗਰਭਵਤੀ ਔਰਤਾਂ ਲਈ ਟੀਕਾਕਰਨ (Vaccine for pregnant women)
ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ, ਹੁਣ ਗਰਭਵਤੀ ਔਰਤਾਂ ਮਾਵਾਂ ਨੂੰ ਲੱਗਣ ਵਾਲਾ RSV ਟੀਕਾ 'Abrysvo®' ਮੁਫ਼ਤ ਲਗਵਾ ਸਕਦੀਆਂ ਹਨ। ਇਹ ਟੀਕਾ 28 ਹਫ਼ਤਿਆਂ ਦੀ ਗਰਭ ਅਵਸਥਾ ਤੋਂ ਬਾਅਦ ਵਾਲੀਆਂ ਔਰਤਾਂ ਲਈ ਸੁਝਾਇਆ ਜਾਂਦਾ ਹੈ ਤਾਂ ਜੋ ਉਹਨਾਂ ਦੇ ਨਵਜੰਮੇ ਬੱਚਿਆਂ ਨੂੰ RSV ਤੋਂ ਸੁਰੱਖਿਆ ਮਿਲ ਸਕੇ। ਇਹ ਟੀਕਾ ਸੁਰੱਖਿਅਤ ਹੈ ਅਤੇ ਇਨਫਲੂਐਂਜ਼ਾ (ਫ਼ਲੂ) ਅਤੇ ਕਾਲੀ ਖੰਘ ਲਈ ਮਾਤਾਵਾਂ ਨੂੰ ਲੱਗਣ ਵਾਲੇ ਮੁਫ਼ਤ ਟੀਕਿਆਂ ਦੇ ਨਾਲ ਇੱਕੋ ਸਮੇਂ ਲਾਇਆ ਜਾ ਸਕਦਾ ਹੈ।
ਖੋਜ ਦਰਸਾਉਂਦੀ ਹੈ ਕਿ ਗਰਭ-ਅਵਸਥਾ ਦੌਰਾਨ ਲਾਇਆ ਗਿਆ RSV ਟੀਕਾ, ਛੇ ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਗੰਭੀਰ RSV ਇਨਫੈਕਸ਼ਨ ਹੋਣ ਦੇ ਜ਼ੋਖਮ ਨੂੰ ਲਗਭਗ 70% ਤੱਕ ਘਟਾ ਸਕਦਾ ਹੈ।.
ਛੋਟੇ ਬੱਚਿਆਂ ਲਈ ਟੀਕਾਕਰਨ (Immunisation for infants)
ਵਿਕਟੋਰੀਆ ਵਿੱਚ 1 ਅਪ੍ਰੈਲ ਤੋਂ 30 ਸਤੰਬਰ 2025 ਤੱਕ, ਨਵਜੰਮੇ ਅਤੇ ਅੱਠ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੁਰੱਖਿਆ ਦੇਣ ਲਈ 'Beyfortus™' ਨਾਮਕ ਇੱਕ RSV ਮੋਨੋਕਲੋਨਲ ਐਂਟੀਬਾਡੀ ਟੀਕਾਕਰਨ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਬ੍ਰੌਨਕਿਓਲਾਈਟਿਸ ਵਰਗੇ ਗੰਭੀਰ RSV ਇਨਫੈਕਸ਼ਨ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਇਹ ਦਵਾਈ RSV ਵਾਇਰਸ ਨਾਲ ਚਿਪਕ ਜਾਂਦੀ ਹੈ ਅਤੇ ਇਸਨੂੰ ਸਰੀਰ ਦੇ ਸੈੱਲਾਂ ਵਿੱਚ ਦਾਖਲ ਹੋਣ ਤੋਂ ਰੋਕਦੀ ਹੈ। ਇਹ ਟੀਕੇ ਦੇ ਰੂਪ ਵਿੱਚ ਲਗਾਇਆ ਜਾਂਦਾ ਹੈ।
ਜ਼ਿਆਦਾਤਰ ਨਵਜੰਮੇ ਬੱਚਿਆਂ ਨੂੰ ਸਿਰਫ਼ ਮਾਂ ਦੇ ਟੀਕੇ ਜਾਂ ਮੋਨੋਕਲੋਨਲ ਐਂਟੀਬਾਡੀ ਟੀਕਾਕਰਨ ਰਾਹੀਂ ਹੀ ਸੁਰੱਖਿਆ ਦੀ ਲੋੜ ਹੁੰਦੀ ਹੈ। ਜਿਨ੍ਹਾਂ ਨਵਜੰਮੇ ਬੱਚਿਆਂ ਨੂੰ RSV ਦਾ ਗੰਭੀਰ ਇਨਫੈਕਸ਼ਨ ਹੋਣ ਦਾ ਵੱਧ ਜ਼ੋਖਮ ਹੋ ਸਕਦਾ ਹੈ, ਉਨ੍ਹਾਂ ਨੂੰ ਪਹਿਲੇ ਜਾਂ ਦੂਜੇ RSV ਸੀਜ਼ਨ ਵਿੱਚ Beyfortus™ ਦੀ ਖ਼ੁਰਾਕ ਦਿੱਤੀ ਜਾਵੇਗੀ।
ਤੁਹਾਡੇ ਬੱਚੇ ਨੂੰ RSV ਟੀਕਾਕਰਨ ਕਰਵਾਉਣਾ ਚਾਹੀਦਾ ਹੈ ਜਾਂ ਨਹੀਂ, ਇਸ ਬਾਰੇ ਵਧੇਰੇ ਜਾਣਕਾਰੀ ਲਈ ਇਸ ਪ੍ਰੋਗਰਾਮ ਦੀ ਜਾਣਕਾਰੀ ਪੜ੍ਹੋ ਜਾਂ ਮੈਲਬੌਰਨ ਵੈਕਸੀਨ ਐਜੂਕੇਸ਼ਨ ਸੈਂਟਰ (MVEC) ਦੀ ਵੈੱਬਸਾਈਟ 'ਤੇ ਜਾਓ। ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਡਾਕਟਰ ਨਾਲ ਗੱਲ ਕਰਨਾ ਵੀ ਇੱਕ ਚੰਗਾ ਵਿਚਾਰ ਹੈ।
RSV ਬਾਰੇ ਆਮ ਸਵਾਲ (Common questions about RSV
RSV ਕਿੰਨਾ ਚਿਰ ਰਹਿੰਦਾ ਹੈ? (How long does RSV last?)
ਜ਼ਿਆਦਾਤਰ ਮਾਮਲਿਆਂ ਵਿੱਚ, ਆਮ ਜ਼ੁਕਾਮ ਵਾਂਗ RSV ਇਨਫੈਕਸ਼ਨ ਇੱਕ ਤੋਂ ਦੋ ਹਫ਼ਤਿਆਂ ਤੱਕ ਰਹਿੰਦਾ ਹੈ। ਜੇਕਰ ਤੁਹਾਡੇ ਬੱਚੇ ਨੂੰ ਦਮੇ ਵਰਗੀ ਕੋਈ ਬਿਮਾਰੀ ਪਹਿਲਾਂ ਤੋਂ ਹੀ ਹੈ ਤਾਂ ਉਸਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਕੀ RSV ਬਾਲਗਾਂ ਨੂੰ ਹੋ ਸਕਦਾ ਹੈ? (Can adults get RSV?)
ਬਾਲਗਾਂ ਨੂੰ ਵੀ ਬੱਚਿਆਂ ਵਾਂਗ ਹੀ RSV ਇਨਫੈਕਸ਼ਨ ਹੋ ਸਕਦਾ ਹੈ। RSV ਇਨਫੈਕਸ਼ਨ ਵਾਲੇ ਜ਼ਿਆਦਾਤਰ ਬਾਲਗਾਂ ਨੂੰ ਜ਼ੁਕਾਮ ਹੁੰਦਾ ਹੈ ਜਿਸ ਵਿੱਚ ਨੱਕ ਵਗਣਾ, ਖੰਘ, ਘਰਘਰਾਹਟ, ਸਾਹ ਲੈਣ ਵਿੱਚ ਮੁਸ਼ਕਲ, ਜਾਂ ਬੁਖ਼ਾਰ ਵਰਗੇ ਲੱਛਣ ਹੁੰਦੇ ਹਨ। 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ, RSV ਤੋਂ ਬਹੁਤ ਜ਼ਿਆਦਾ ਬਿਮਾਰ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ।
ਮੇਰੇ ਬੱਚੇ ਨੂੰ ਜ਼ੁਕਾਮ ਹੈ; ਕੀ ਮੈਨੂੰ ਉਸਦਾ RSV ਟੈਸਟ ਕਰਵਾਉਣ ਦੀ ਲੋੜ ਹੈ? (My child has a cold; do I need to test them for RSV?)
ਜੇਕਰ ਤੁਹਾਡੇ ਬੱਚੇ ਨੂੰ ਜ਼ੁਕਾਮ ਹੈ, ਤਾਂ ਇਹ ਦੱਸਣਾ ਮੁਸ਼ਕਿਲ ਹੋ ਸਕਦਾ ਹੈ ਕਿ ਉਸਨੂੰ ਕਿਹੜਾ ਵਾਇਰਸ ਹੈ। RSV ਦੀ ਜਾਂਚ ਕਰਨ ਲਈ ਫਾਰਮੇਸੀਆਂ ਵਿੱਚ ਕੁੱਝ ਟੈਸਟ ਉਪਲਬਧ ਹਨ; ਡਾਕਟਰ ਵੀ ਨੱਕ ਜਾਂ ਗਲੇ ਦਾ ਸਵੈਬ ਲੈ ਕੇ ਜਾਂਚ ਕਰ ਸਕਦੇ ਹਨ, ਜਿਸਨੂੰ PCR ਟੈਸਟ ਕਿਹਾ ਜਾਂਦਾ ਹੈ। ਹਾਲਾਂਕਿ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਬੱਚੇ ਨੂੰ RSV ਹੈ ਜਾਂ ਕੋਈ ਹੋਰ ਵਾਇਰਸ ਹੈ ਕਿਉਂਕਿ ਸਾਰੀਆਂ ਜ਼ੁਕਾਮਾਂ ਦਾ ਇਲਾਜ ਇੱਕੋ ਜਿਹਾ ਹੈ - ਬਹੁਤ ਸਾਰਾ ਆਰਾਮ ਕਰਨਾ ਅਤੇ ਖ਼ੂਬ ਸਾਰੇ ਤਰਲ ਪਦਾਰਥ ਪੀਣਾ। ਐਂਟੀਬਾਇਓਟਿਕ ਵਾਇਰਸਾਂ 'ਤੇ ਕੰਮ ਨਹੀਂ ਕਰਦੇ ਹਨ।
ਵਧੇਰੇ ਜਾਣਕਾਰੀ ਲਈ (For more information)
ਐਮਰਜੈਂਸੀ ਵਿਭਾਗ ਦੇ ਯੋਗਦਾਨ ਨਾਲ, ਦਾ ਰੌਇਲ ਚਿਲਡਰਨਜ਼ ਹਸਪਤਾਲ ਦੇ ਜਨਰਲ ਮੈਡੀਸਨ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਦੇ ਯੋਗਦਾਨ ਨੂੰ ਸਵੀਕਾਰਦੇ ਹਾਂ।
ਅਪ੍ਰੈਲ 2025 ਵਿੱਚ ਸਮੀਖਿਆ ਕੀਤੀ ਗਈ
ਕਿਰਪਾ ਕਰਕੇ ਹਮੇਸ਼ਾ ਰਜਿਸਟਰਡ ਅਤੇ ਅਭਿਆਸ ਕਰ ਰਹੇ ਵਾਲੇ ਡਾਕਟਰ ਤੋਂ ਸਭ ਤੋਂ ਤਾਜ਼ਾ ਸਲਾਹ ਲਓ।