Respiratory syncytial virus (Punjabi) – ਰੈਸਪੀਰੇਟਰੀ ਸਿੰਸੀਸ਼ੀਅਲ (ਸਾਹ ਪ੍ਰਣਾਲੀ ਦਾ) ਵਾਇਰਸ

  • ਰੈਸਪੀਰੇਟਰੀ ਸਿੰਸੀਸ਼ੀਅਲ ( ਸਿਨ-ਸਿਟੀ-ਅਲ ) ਵਾਇਰਸ (RSV) ਬੱਚਿਆਂ ਵਿੱਚ ਸਾਹ ਪ੍ਰਣਾਲੀ ਅਤੇ ਸਾਹ ਦੀ ਲਾਗ ਦਾ ਸਭ ਤੋਂ ਆਮ ਕਾਰਨ ਹੁੰਦਾ ਹੈ। ਇਹ ਅਜਿਹਾ ਵਾਇਰਸ ਹੈ ਜੋ ਫੇਫੜਿਆਂ ਅਤੇ ਸਾਹ ਨਾਲੀ ਵਿੱਚ ਲਾਗ ਦਾ ਕਾਰਨ ਬਣਦਾ ਹੈ, ਅਤੇ ਆਮ ਜ਼ੁਕਾਮ ਦੇ ਸਭ ਤੋਂ ਵੱਧ ਹੋਣ ਵਾਲੇ ਕਾਰਨਾਂ ਵਿੱਚੋਂ ਇੱਕ ਹੈ।

    RSV ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦੋ ਸਾਲ ਤੋਂ ਘੱਟ ਉਮਰ ਦੇ ਜ਼ਿਆਦਾਤਰ ਬੱਚੇ ਕਿਸੇ ਨਾ ਕਿਸੇ ਪੜਾਅ 'ਤੇ RSV ਦੁਆਰਾ ਲਾਗ ਗ੍ਰਸਤ ਹੋਏ ਹਨ, ਅਤੇ RSV ਵਾਰ-ਵਾਰ ਹੋਣਾ ਸੰਭਵ ਹੈ। ਚੰਗੀਆਂ ਸਾਫ਼-ਸਫ਼ਾਈ ਦੀਆਂ ਆਦਤਾਂ ਤੁਹਾਡੇ ਬੱਚੇ ਨੂੰ ਵਾਇਰਸ ਲੱਗਣ ਜਾਂ ਇਸ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਸੰਭਾਵਨਾ ਨੂੰ ਘਟਾ ਸਕਦੀਆਂ ਹਨ।

    RSV ਦੇ ਨਿਸ਼ਾਨੀਆਂ ਅਤੇ ਲੱਛਣ (Signs and symptoms of RSV)

    ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਹੋ ਸਕਦਾ ਹੈ ਕਿ ਤੁਹਾਡੇ ਬੱਚੇ ਵਿੱਚ ਪੰਜ ਦਿਨਾਂ ਬਾਅਦ ਲੱਛਣ ਪੈਦਾ ਹੋਣ। ਬੱਚਿਆਂ ਵਿੱਚ RSV ਆਮ ਤੌਰ 'ਤੇ ਹਲਕੇ ਤੋਂ ਦਰਮਿਆਨੇ ਜ਼ੁਕਾਮ ਵਰਗੇ ਲੱਛਣਾਂ ਨਾਲ ਜੁੜੀ ਹੁੰਦੀ ਹੈ, ਜੋ ਆਮ ਤੌਰ 'ਤੇ ਅੱਠ ਤੋਂ 15 ਦਿਨਾਂ ਦੇ ਵਿਚਕਾਰ ਰਹਿੰਦੀ ਹੈ। ਜੇਕਰ ਤੁਹਾਡੇ ਬੱਚੇ ਨੂੰ RSV ਹੈ ਤਾਂ ਉਸ ਵਿੱਚ ਹੇਠਾਂ ਦਿੱਤੇ ਕੁੱਝ ਜਾਂ ਸਾਰੇ ਲੱਛਣ ਹੋ ਸਕਦੇ ਹਨ:

    • ਵਗਦਾ ਨੱਕ
    • ਖੰਘ
    • ਘਰਘਰਾਹਟ
    • ਬੁਖ਼ਾਰ।

    RSV ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬ੍ਰੌਨਕਿਓਲਾਈਟਿਸ ਅਤੇ ਨਿਮੋਨੀਆ ਹੋਣ ਦਾ ਇੱਕ ਆਮ ਕਾਰਨ ਹੈ। ਜੇਕਰ ਤੁਹਾਡੇ ਬੱਚੇ ਨੂੰ ਦਮਾ ਰੋਗ ਹੈ, ਤਾਂ RSV ਦੁਆਰਾ ਉਹਨਾਂ ਦੇ ਦਮੇ ਦੇ ਲੱਛਣਾਂ ਨੂੰ ਚਾਲੂ ਕਰਨ ਦੀ ਸੰਭਾਵਨਾ ਹੈ।

    ਘਰ ਵਿੱਚ ਦੇਖਭਾਲ (Care at home)

    RSV ਦੇ ਜ਼ਿਆਦਾਤਰ ਕੇਸ ਹਲਕੇ ਹੁੰਦੇ ਹਨ ਅਤੇ ਘਰ ਵਿੱਚ ਆਰਾਮ ਕਰਨ ਨਾਲ ਇਸਦਾ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਬੱਚੇ ਨੂੰ RSV ਹੈ:

    • ਜੇਕਰ ਉਹ ਬਿਮਾਰ ਮਹਿਸੂਸ ਕਰਦੇ ਹਨ ਤਾਂ ਉਹਨਾਂ ਨੂੰ ਘਰ ਰੱਖੋ। ਜੇ ਉਹ ਠੀਕ ਮਹਿਸੂਸ ਕਰਦੇ ਹਨ ਅਤੇ ਖੰਘ ਅਤੇ ਛਿੱਕ ਨਹੀਂ ਆ ਰਹੇ ਹਨ, ਤਾਂ ਉਹ ਆਪਣੀਆਂ ਆਮ ਗਤੀਵਿਧੀਆਂ (ਕਿੰਡਰਗਾਰਟਨ, ਸਕੂਲ ਆਦਿ) ਜਾਰੀ ਰੱਖ ਸਕਦੇ ਹਨ।
    • ਆਪਣੇ ਬੱਚੇ ਨੂੰ ਘੱਟ ਮਾਤਰਾ ਵਿੱਚ ਤਰਲ ਪਦਾਰਥ ਜ਼ਿਆਦਾ ਵਾਰ ਪੀਣ ਲਈ ਉਤਸ਼ਾਹਿਤ ਕਰੋ। ਜੇਕਰ ਕਿਸੇ ਬੱਚੇ ਨੂੰ RSV ਹੈ, ਤਾਂ ਉਹਨਾਂ ਨੂੰ ਨਿਯਮਿਤ ਤੌਰ 'ਤੇ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਤਰਲ (ਮਾਂ ਦਾ ਦੁੱਧ, ਫਾਰਮੂਲਾ ਦੁੱਧ ਜਾਂ ਪਾਣੀ) ਦਿਓ।
    • Sਤੁਹਾਡੇ ਬੱਚੇ ਦੇ ਬੁਖ਼ਾਰ ਦੇ ਪ੍ਰਬੰਧਨ ਬਾਰੇ ਸਲਾਹ ਲਈ ਸਾਡੀ ਤੱਥ ਸ਼ੀਟ ਬੱਚਿਆਂ ਵਿੱਚ ਬੁਖ਼ਾਰ ਦੇਖੋ ਜੇਕਰ ਇਹ ਉਹਨਾਂ ਨੂੰ ਬੇਅਰਾਮੀ ਦਾ ਕਾਰਨ ਬਣ ਰਿਹਾ ਹੈ। Fever in children for advice on managing your child's fever if it is causing them discomfort. 

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਆਪਣੇ ਬੱਚੇ ਨੂੰ GP ਕੋਲ ਲੈ ਜਾਓ ਜੇਕਰ:

    • ਉਹਨਾਂ ਨੂੰ ਉੱਚ ਤਾਪਮਾਨ (ਬੁਖ਼ਾਰ) ਹੁੰਦਾ ਹੈ ਅਤੇ ਉਹ ਠੀਕ ਦਿਖਾਈ ਨਹੀਂ ਦਿੰਦੇ ਹਨ
    • ਉਨ੍ਹਾਂ ਦਾ ਨੱਕ ਬਲਗ਼ਮ ਨਾਲ ਭਰਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਭੋਜਨ ਖਾਣ ਵਿੱਚ ਮੁਸ਼ਕਲ ਆ ਰਹੀ ਹੈ
    • ਖੰਘ ਬਦਤਰ ਹੋ ਜਾਂਦੀ ਹੈ, ਜਾਂ ਤੁਹਾਡਾ ਬੱਚਾ ਬਲਗ਼ਮ ਨੂੰ ਖੰਘ ਰਾਹੀਂ ਕੱਢਣਾ ਸ਼ੁਰੂ ਕਰ ਦਿੰਦਾ ਹੈ
    • ਤੁਹਾਡਾ ਬੱਚਾ ਡੀਹਾਈਡ੍ਰੇਟਿਡ ਹੈ
    • ਉਹ ਇੱਕ ਬੱਚੇ ਹਨ ਅਤੇ ਮਾਂ ਜਾਂ ਬੋਤਲ ਦਾ ਦੁੱਧ ਪੀਣ ਤੋਂ ਮਨ੍ਹਾ ਕਰਦੇ ਹਨ ਅਤੇ ਚਿੜਚਿੜੇ ਹੁੰਦੇ ਹਨ।

    ਜੇ ਤੁਹਾਡਾ ਬੱਚਾ ਨੀਲਾ ਹੋ ਰਿਹਾ ਹੈ, ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਜਾਂ ਬਹੁਤ ਤੇਜ਼ੀ ਨਾਲ ਸਾਹ ਲੈ ਰਿਹਾ ਹੈ ਤਾਂ ਐਂਬੂਲੈਂਸ ਨੂੰ ਫ਼ੋਨ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾਓ।

    ਤੁਹਾਡੇ ਬੱਚੇ ਨੂੰ ਦੇਖਣ ਤੋਂ ਬਾਅਦ, ਡਾਕਟਰ ਅਗਲੇ ਦਿਨ ਤੁਹਾਡੇ ਬੱਚੇ ਦੀ ਦੁਬਾਰਾ ਸਮੀਖਿਆ ਕਰਨ ਲਈ ਕਹਿ ਸਕਦਾ ਹੈ। ਉਹਨਾਂ ਨੂੰ ਜਲਦੀ ਵਾਪਸ ਲੈ ਜਾਓ ਜੇਕਰ ਤੁਹਾਡਾ ਬੱਚਾ:

    • ਸਾਹ ਲੈਣ ਵਿੱਚ ਵਧੇਰੇ ਮੁਸ਼ਕਲ ਹੋ ਰਹੀ ਹੈ ਜਾਂ ਪਹਿਲਾਂ ਨਾਲੋਂ ਵਧੇਰੇ ਤੇਜ਼ੀ ਨਾਲ ਸਾਹ ਲੈ ਰਿਹਾ ਹੈ
    • ਜ਼ਿਆਦਾ ਬਿਮਾਰ ਦਿਖਾਈ ਦੇ ਰਿਹਾ ਹੈ
    • ਆਪਣੇ ਆਮ ਤਰਲ ਦਾ ਘੱਟੋ-ਘੱਟ ਅੱਧਾ ਹਿੱਸਾ ਵੀ ਨਹੀਂ ਲੈ ਰਿਹਾ ਹੈ
    • ਉਸਨੂੰ ਖੰਘ ਹੈ ਜੋ ਵਿਗੜ ਰਹੀ ਹੈ।

    RSV ਕਿਵੇਂ ਫ਼ੈਲਦਾ ਹੈ? (How is RSV spread?)

    RSV ਵਾਲੇ ਬੱਚੇ ਆਮ ਤੌਰ 'ਤੇ ਆਪਣੇ ਲੱਛਣਾਂ ਦੀ ਸ਼ੁਰੂਆਤ ਤੋਂ ਲੈ ਕੇ ਅੱਠ ਦਿਨਾਂ ਤੱਕ ਲਾਗ ਵਾਲੇ (ਦੂਜਿਆਂ ਵਿੱਚ ਵਾਇਰਸ ਫ਼ੈਲਾਉਣ ਦੇ ਯੋਗ) ਹੁੰਦੇ ਹਨ। RSV ਬਹੁਤ ਛੂਤਕਾਰੀ ਹੈ ਅਤੇ ਸਤ੍ਹਾ 'ਤੇ ਕਈ ਘੰਟਿਆਂ ਲਈ, ਅਤੇ 30-60 ਮਿੰਟਾਂ ਤੱਕ ਬਿਨਾਂ ਧੋਤੇ ਹੱਥਾਂ 'ਤੇ ਰਹਿ ਸਕਦਾ ਹੈ। RSV ਬੱਚਿਆਂ ਵਿੱਚ ਖੰਘਣ ਅਤੇ ਛਿੱਕਣ, ਅਤੇ ਇਸ ਨਾਲ ਲਾਗ ਗ੍ਰਸਤ ਬੱਚੇ ਦੇ ਮੂੰਹ, ਨੱਕ ਜਾਂ ਅੱਖਾਂ ਦੇ ਸੰਪਰਕ ਵਿੱਚ ਆਏ ਕੱਪ ਅਤੇ ਹੋਰ ਵਸਤੂਆਂ ਨੂੰ ਸਾਂਝਾ ਕਰਨ ਦੁਆਰਾ ਤੇਜ਼ੀ ਨਾਲ ਅਤੇ ਆਸਾਨੀ ਨਾਲ ਫ਼ੈਲਦਾ ਹੈ।

    RSV ਦੇ ਫ਼ੈਲਣ ਨੂੰ ਰੋਕਣਾ ਮੁਸ਼ਕਲ ਹੋ ਸਕਦਾ ਹੈ; ਹਾਲਾਂਕਿ, ਚੰਗੀ ਸਾਫ਼-ਸਫ਼ਾਈ ਦਾ ਅਭਿਆਸ ਕਰਨਾ ਕਿਸੇ ਵੀ ਵਾਇਰਸ ਨੂੰ ਦੂਜਿਆਂ ਵਿੱਚ ਫ਼ੈਲਣ ਤੋਂ ਬਚਾਉਣ ਵਿੱਚ ਮੱਦਦ ਕਰੇਗਾ।

    • ਬੱਚਿਆਂ ਨੂੰ ਪੀਣ ਵਾਲੇ ਪਦਾਰਥ, ਕਟਲਰੀ ਜਾਂ ਖਿਡੌਣੇ (ਜਦੋਂ ਵੀ ਸੰਭਵ ਹੋਵੇ) ਸਾਂਝੇ ਨਾ ਕਰਨ ਦਿਓ ਅਤੇ ਇਹ ਯਕੀਨੀ ਬਣਾਓ ਕਿ ਇਹਨਾਂ ਚੀਜ਼ਾਂ ਨੂੰ ਵਰਤੋਂ ਦੇ ਵਿਚਕਾਰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਹੈ।
    • ਆਪਣੇ ਬੱਚੇ ਨੂੰ ਟਿਸ਼ੂ ਵਿੱਚ ਖੰਘਣ ਅਤੇ ਛਿੱਕਣ ਲਈ ਉਤਸ਼ਾਹਿਤ ਕਰੋ, ਫਿਰ ਟਿਸ਼ੂ ਨੂੰ ਸੁੱਟ ਦਿਓ।
    • ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਅਤੇ/ਜਾਂ ਤੁਹਾਡੇ ਬੱਚੇ ਨੇ ਕੀਟਾਣੂਆਂ ਨੂੰ ਫ਼ੈਲਣ ਤੋਂ ਰੋਕਣ ਲਈ ਆਪਣਾ ਨੱਕ ਛਿੱਕਣ ਤੋਂ ਬਾਅਦ ਆਪਣੇ ਹੱਥ ਧੋਵੋ।
    • ਜ਼ੁਕਾਮ ਦੇ ਲੱਛਣ ਵਾਲੇ ਕਿਸੇ ਵਿਅਕਤੀ ਨਾਲ ਸੰਪਰਕ ਕਰਨ ਤੋਂ ਬਾਅਦ ਆਪਣੇ ਹੱਥ ਧੋਵੋ।

    ਜੇਕਰ ਤੁਹਾਡੇ ਬੱਚੇ ਵਿੱਚ RSV (ਜਾਂ ਜ਼ੁਕਾਮ ਵਰਗੇ ਲੱਛਣ) ਹਨ, ਤਾਂ ਉਹਨਾਂ ਨੂੰ ਨਵਜੰਮੇ ਬੱਚਿਆਂ ਜਾਂ ਉਹਨਾਂ ਲੋਕਾਂ ਤੋਂ ਦੂਰ ਰੱਖਣਾ ਮਹੱਤਵਪੂਰਨ ਹੈ ਜੋ ਇਮਿਊਨੋ-ਕੰਪਰੋਮਾਈਜ਼ਡ ਹਨ (ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ)।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਰੈਸਪੀਰੇਟਰੀ ਸਿੰਸੀਸ਼ੀਅਲ ਵਾਇਰਸ (RSV) ਬੱਚਿਆਂ ਵਿੱਚ ਸਾਹ ਪ੍ਰਣਾਲੀ ਅਤੇ ਸਾਹ ਦੀ ਲਾਗ ਦਾ ਸਭ ਤੋਂ ਆਮ ਕਾਰਨ ਹੁੰਦਾ ਹੈ।
    • RSV ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬ੍ਰੌਨਕਿਓਲਾਈਟਿਸ ਅਤੇ ਨਮੂਨੀਆ ਹੋਣ ਦਾ ਇੱਕ ਆਮ ਕਾਰਨ ਹੁੰਦਾ ਹੈ, ਅਤੇ ਦਮੇ ਰੋਗ ਵਾਲੇ ਬੱਚਿਆਂ ਵਿੱਚ ਦਮੇ ਦੇ ਲੱਛਣ ਪੈਦਾ ਕਰ ਸਕਦਾ ਹੈ।
    • ਜੇਕਰ ਤੁਹਾਡਾ ਬੱਚਾ ਠੀਕ ਮਹਿਸੂਸ ਕਰਦਾ ਹੈ ਅਤੇ ਖੰਘ ਜਾਂ ਛਿੱਕ ਰਾਹੀਂ ਵਾਇਰਸ ਨਹੀਂ ਫ਼ੈਲਾ ਰਿਹਾ ਤਾਂ ਉਹ ਸਕੂਲ ਜਾ ਸਕਦਾ ਹੈ।
    • RSV ਬਹੁਤ ਛੂਤਕਾਰੀ ਹੈ, ਇਸ ਲਈ ਵਾਇਰਸ ਨੂੰ ਫ਼ੈਲਣ ਤੋਂ ਬਚਣ ਲਈ ਚੰਗੀ ਸਾਫ਼-ਸਫ਼ਾਈ ਅਹਿਮ ਹੈ।
    • ਲਾਗ ਗ੍ਰਸਤ ਬੱਚਿਆਂ ਨੂੰ ਨਵਜੰਮੇ ਬੱਚਿਆਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ।

    ਵਧੇਰੇ ਜਾਣਕਾਰੀ ਲਈ (For more information)

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਜ਼ੁਕਾਮ ਅਤੇ RSV ਵਿੱਚ ਕੀ ਅੰਤਰ ਹੈ? 

    RSV ਬਹੁਤ ਸਾਰੇ ਵਾਇਰਸਾਂ ਵਿੱਚੋਂ ਇੱਕ ਹੈ ਜੋ ਆਮ ਜ਼ੁਕਾਮ ਦਾ ਕਾਰਨ ਬਣਦਾ ਹੈ, ਅਤੇ ਇਹ ਦੱਸਣਾ ਔਖਾ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਕਿਹੜਾ ਵਾਇਰਸ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੀ ਅਸੀਂ ਜਾਣਦੇ ਹਾਂ ਕਿ ਇਹ ਕਿਹੜਾ ਵਾਇਰਸ ਹੈ, ਕਿਉਂਕਿ ਇਲਾਜ ਇੱਕੋ ਜਿਹਾ ਹੈ - ਬਹੁਤ ਸਾਰਾ ਆਰਾਮ ਅਤੇ ਤਰਲ ਪਦਾਰਥ, ਅਤੇ ਕੋਈ ਐਂਟੀਬਾਇਓਟਿਕ ਨਹੀਂ ਦੇਣਾ, ਕਿਉਂਕਿ ਐਂਟੀਬਾਇਓਟਿਕਸ ਵਾਇਰਸਾਂ 'ਤੇ ਕੰਮ ਨਹੀਂ ਕਰਦੇ ਹਨ। ਹਾਲਾਂਕਿ, RSV ਕੁੱਝ ਬੱਚਿਆਂ ਵਿੱਚ ਬ੍ਰੌਨਕਿਓਲਾਈਟਿਸ ਅਤੇ ਨਿਮੋਨੀਆ ਸਮੇਤ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਹ ਮੌਜੂਦਾ ਸਮੱਸਿਆਵਾਂ ਨੂੰ ਵੀ ਵਿਗਾੜ ਸਕਦਾ ਹੈ, ਜਿਵੇਂ ਕਿ ਦਮੇ ਨੂੰ।

    ਕੀ RSV ਨੂੰ ਰੋਕਣ ਲਈ ਕੋਈ ਵੈਕਸੀਨ ਹੈ?   

    RSV ਨੂੰ ਰੋਕਣ ਲਈ ਵਰਤਮਾਨ ਵਿੱਚ ਕੋਈ ਵੈਕਸੀਨ ਨਹੀਂ ਹੈ। ਹਾਲਾਂਕਿ, ਖੋਜਕਰਤਾ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਦੇ ਨਾਲ-ਨਾਲ ਗਰਭਵਤੀ ਔਰਤਾਂ ਨੂੰ ਗੰਭੀਰ RSV ਇਨਫੈਕਸ਼ਨ ਤੋਂ ਬਚਾਉਣ ਵਿੱਚ ਮੱਦਦ ਲਈ ਵੈਕਸੀਨ ਅਤੇ ਐਂਟੀਵਾਇਰਲ ਥੈਰੇਪੀਆਂ ਵਿਕਸਿਤ ਕਰਨ ਵੱਲ ਕੰਮ ਕਰ ਰਹੇ ਹਨ। ਜੇਕਰ ਤੁਹਾਡੇ ਬੱਚੇ ਨੂੰ ਉਸੇ ਸੀਜ਼ਨ ਵਿੱਚ ਦੂਜੀ ਵਾਰ RSV ਇਨਫੈਕਸ਼ਨ ਹੁੰਦਾ ਹੈ, ਤਾਂ ਉਸਦੀ ਬਿਮਾਰੀ ਪਹਿਲੇ ਵਾਰ ਨਾਲੋਂ ਵਧੇਰੇ ਹਲਕੇ ਹੋਣ ਦੀ ਸੰਭਾਵਨਾ ਹੈ। 


    ਰਾਇਲ ਚਿਲਡਰਨਜ਼ ਹਸਪਤਾਲ ਇਨਫੈਕਸ਼ਨ ਕੰਟਰੋਲ ਵਿਭਾਗ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਅਗਸਤ 2023 ਵਿੱਚ ਸਮੀਖਿਆ ਕੀਤੀ ਗਈ

    ਇਹ ਜਾਣਕਾਰੀ ਨਿਰਧਾਰਤ ਸਮੀਖਿਆ ਦੀ ਉਡੀਕ ਕਰ ਰਹੀ ਹੈ। ਕਿਰਪਾ ਕਰਕੇ ਹਮੇਸ਼ਾ ਰਜਿਸਟਰਡ ਅਤੇ ਅਭਿਆਸ ਕਰਨ ਵਾਲੇ ਡਾਕਟਰ ਤੋਂ ਸਭ ਤੋਂ ਤਾਜ਼ਾ ਸਲਾਹ ਲਓ।

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।