ਬੱਚਿਆਂ ਵਿੱਚ ਬੁਖ਼ਾਰ ਬਾਰੇ ਆਮ ਸਵਾਲ (Common questions about fever in children)
ਕੀ ਮੈਨੂੰ ਆਪਣੇ ਬੱਚੇ ਦੇ ਬੁਖ਼ਾਰ ਬਾਰੇ ਚਿੰਤਤ ਹੋਣਾ ਚਾਹੀਦਾ ਹੈ? (Should I be worried about my child’s fever?)
ਜੇਕਰ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ ਤਾਂ ਤੁਹਾਡਾ ਚਿੰਤਤ ਹੋਣਾ ਸੁਭਾਵਿਕ ਗੱਲ ਹੈ। ਹਾਲਾਂਕਿ, ਜ਼ਿਆਦਾਤਰ ਬੁਖ਼ਾਰ ਉਨ੍ਹਾਂ ਇੰਫੈਕਸ਼ਨਾਂ ਕਾਰਨ ਹੁੰਦੇ ਹਨ ਜੋ ਆਪਣੇ ਆਪ ਠੀਕ ਹੋ ਜਾਂਦੇ ਹਨ ਅਤੇ ਉਨ੍ਹਾਂ ਲਈ ਕਿਸੇ ਖ਼ਾਸ ਇਲਾਜ ਦੀ ਲੋੜ ਨਹੀਂ ਹੁੰਦੀ ਹੈ। ਬਹੁਤ ਛੋਟੇ ਬੱਚਿਆਂ ਲਈ ਸਥਿਤੀ ਵੱਖਰੀ ਹੁੰਦੀ ਹੈ। ਜੇਕਰ ਤੁਹਾਡਾ
ਬੱਚਾ ਇੱਕ ਮਹੀਨੇ ਤੋਂ ਛੋਟਾ ਹੈ ਅਤੇ ਉਸਨੂੰ ਬੁਖ਼ਾਰ ਹੈ, ਤਾਂ ਤੁਸੀਂ ਉਸਨੂੰ ਹਸਪਤਾਲ ਲੈ ਜਾਓ; ਜੇਕਰ ਤੁਹਾਡਾ ਬੱਚਾ ਤਿੰਨ ਮਹੀਨੇ ਤੋਂ ਛੋਟਾ ਹੈ ਅਤੇ ਉਸਨੂੰ ਬੁਖ਼ਾਰ ਹੈ, ਤਾਂ ਤੁਸੀਂ ਉਸਨੂੰ ਡਾਕਟਰ ਜਾਂ ਕਿਸੇ ਸਿਹਤ ਮਾਹਰ ਨੂੰ ਵਿਖਾਓ।
ਤੁਸੀਂ ਆਪਣੇ ਬੱਚੇ ਨੂੰ ਸਭ ਤੋਂ ਵਧੀਆ ਜਾਣਦੇ ਹੋ। ਉਨ੍ਹਾਂ ਦੀ ਉਮਰ ਭਾਵੇਂ ਕੋਈ ਵੀ ਹੋਵੇ, ਜੇਕਰ ਉਹ ਬਹੁਤ ਬਿਮਾਰ ਲੱਗਦੇ ਹਨ ਅਤੇ ਤੁਸੀਂ ਚਿੰਤਤ ਹੋ, ਤਾਂ ਡਾਕਟਰ ਨਾਲ ਗੱਲ ਕਰਨਾ ਸਭ ਤੋਂ ਵਧੀਆ ਰਹਿੰਦਾ ਹੈ।
ਮੇਰਾ ਬੱਚਾ ਬੁਖ਼ਾਰ ਦੇ ਨਾਲ ਕੁੱਝ ਖਾ ਜਾਂ ਪੀ ਨਹੀਂ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ? (My child is not eating or drinking with a fever. What should I do?)
ਬੱਚਿਆਂ ਨੂੰ ਬੁਖ਼ਾਰ ਹੋਣ 'ਤੇ ਭੁੱਖ ਘੱਟ ਲੱਗਣਾ ਆਮ ਗੱਲ ਹੈ। ਇਹ ਆਮ ਤੌਰ 'ਤੇ ਕੋਈ ਸਮੱਸਿਆ ਦੀ ਗੱਲ ਨਹੀਂ ਹੁੰਦੀ ਹੈ, ਜਦੋਂ ਤੱਕ ਉਹ ਤਰਲ ਪਦਾਰਥ ਪੀਂਦੇ ਰਹਿੰਦੇ ਹਨ ਤਾਂ ਜੋ ਉਹ ਡੀਹਾਈਡ੍ਰੇਟ ਨਾ ਹੋਣ। ਜੇਕਰ ਤੁਹਾਡਾ ਬੱਚਾ ਛੇ ਮਹੀਨਿਆਂ ਤੋਂ ਛੋਟਾ ਹੈ, ਤਾਂ ਉਸਨੂੰ ਵਧੇਰੇ ਵਾਰ ਦੁੱਧ ਚੁੰਘਾਓ ਜਾਂ ਜ਼ਿਆਦਾ ਵਾਰ ਬੋਤਲ ਨਾਲ ਦੁੱਧ ਪਿਲਾਓ। ਤੁਸੀਂ ਉਨ੍ਹਾਂ ਨੂੰ ਔਰਲ ਰੀਹਾਈਡਰੇਸ਼ਨ ਘੋਲ ਵੀ ਦੇ ਸਕਦੇ ਹੋ। ਜੇਕਰ ਤੁਹਾਡਾ ਬੱਚਾ ਛੇ ਮਹੀਨਿਆਂ ਤੋਂ ਵੱਧ ਉਮਰ ਦਾ ਹੈ, ਤਾਂ ਉਸਨੂੰ ਪਾਣੀ, ਔਰਲ ਰੀਹਾਈਡਰੇਸ਼ਨ ਘੋਲ, ਦੁੱਧ ਜਾਂ ਸੇਬ ਦਾ ਰਸ ਪਾਣੀ ਵਿੱਚ ਮਿਲਾ ਕੇ ਦਿਓ।
ਜੇਕਰ ਤੁਹਾਡਾ ਬੱਚਾ ਸਿਰਫ਼ ਪਾਣੀ ਪੀ ਰਿਹਾ ਹੈ, ਤਾਂ ਤੁਹਾਨੂੰ ਉਸਨੂੰ ਕੁੱਝ ਸਾਦੇ ਭੋਜਨ ਜਿਵੇਂ ਕਿ ਫ਼ਲ ਜਾਂ ਸੁੱਕੇ ਕਰੈਕਰ ਦੇਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਨੂੰ ਵਧੇਰੇ ਊਰਜਾ ਮਿਲੇਗੀ।
ਜੇਕਰ ਉਹ ਕੁੱਝ ਪੀ ਨਹੀਂ ਰਹੇ ਜਾਂ ਉਲਟੀ ਕਾਰਨ ਕੁੱਝ ਵੀ ਪੇਟ ਵਿੱਚ ਪਚਾ ਨਹੀਂ ਪਾ ਰਹੇ ਹਨ, ਤਾਂ ਡਾਕਟਰ ਜਾਂ ਸਿਹਤ ਮਾਹਰ ਨਾਲ ਗੱਲ ਕਰੋ।
ਬੁਖ਼ਾਰ ਆਮ ਤੌਰ ‘ਤੇ ਕਿੰਨਾ ਚਿਰ ਰਹਿੰਦਾ ਹੈ? (How long does a fever typically last?)
ਜ਼ਿਆਦਾਤਰ ਬੁਖ਼ਾਰ ਕਾਰਨ ਦੇ ਆਧਾਰ 'ਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਠੀਕ ਹੋ ਜਾਂਦੇ ਹਨ। ਹਾਲਾਂਕਿ, ਸਿਹਤ ਮਾਹਰ ਆਮ ਤੌਰ ‘ਤੇ ਇਹ ਸਲਾਹ ਦਿੰਦੇ ਹਨ ਕਿ ਜੇਕਰ ਤੁਹਾਡੇ ਬੱਚੇ ਨੂੰ ਦੋ ਦਿਨਾਂ ਤੋਂ ਵੱਧ ਸਮੇਂ ਲਈ ਬੁਖ਼ਾਰ ਰਹਿੰਦਾ ਹੈ — ਖ਼ਾਸ ਕਰਕੇ ਜੇਕਰ ਉਨ੍ਹਾਂ ਵਿੱਚ ਹੋਰ ਚਿੰਤਾਜਨਕ ਲੱਛਣ ਪੈਦਾ ਹੁੰਦੇ ਹਨ ਤਾਂ ਡਾਕਟਰ
ਨਾਲ ਗੱਲ ਕਰੋ।
ਕੀ ਇਹ ਸੱਚ ਹੈ ਕਿ ਤੁਹਾਨੂੰ ਬੁਖ਼ਾਰ ਵਿੱਚ ਭੁੱਖੇ ਰਹਿਣਾ ਚਾਹੀਦਾ ਹੈ? (Is it true that you should starve a fever?)
ਇਹ ਪੁਰਾਣੀ ਕਹਾਵਤ ਹੈ ਕਿ “ਬੁਖ਼ਾਰ ਵਿੱਚ ਭੁੱਖੇ ਰਹੋ” ਸਿਰਫ਼ ਇੱਕ ਮਿੱਥ ਹੈ। ਜਦੋਂ ਤੁਹਾਡੇ ਬੱਚੇ ਨੂੰ ਬੁਖ਼ਾਰ ਹੋਵੇ, ਤਾਂ ਤਰਲ ਪਦਾਰਥ ਪੀਣਾ ਜ਼ਰੂਰੀ ਹੁੰਦਾ ਹੈ, ਪਰ ਉਨ੍ਹਾਂ ਲਈ ਭੋਜਨ ਖਾਣਾ ਵੀ ਠੀਕ ਹੈ।
ਕੀ ਮੈਂ ਆਪਣੇ ਬੱਚੇ ਨੂੰ ਪੈਰਾਸੀਟਾਮੋਲ ਅਤੇ ਆਈਬਿਊਪ੍ਰੋਫ਼ੈਨ ਇਕੱਠੇ ਦੇ ਸਕਦਾ/ਸਕਦੀ ਹਾਂ? (Can I give my child paracetamol and ibuprofen at the same time?)
ਬੁਖ਼ਾਰ ਵਾਲੇ ਬੱਚੇ ਲਈ ਆਮ ਤੌਰ ‘ਤੇ ਪੈਰਾਸੀਟਾਮੋਲ ਜਾਂ ਆਈਬਿਊਪ੍ਰੋਫ਼ੈਨ ਵਿੱਚੋਂ ਕੋਈ ਇੱਕ ਹੀ ਕਾਫ਼ੀ ਹੁੰਦੀ ਹੈ। ਹਾਲਾਂਕਿ, ਜੇਕਰ ਲੋੜ ਹੋਵੇ ਤਾਂ ਦੋਵੇਂ ਇਕੱਠੇ ਦੇਣਾ ਜਾਂ ਦਵਾਈ ਦੇ ਪੈਕੇਜ ‘ਤੇ ਦਿੱਤੀਆਂ ਹਿਦਾਇਤਾਂ ਅਨੁਸਾਰ ਇੱਕ ਤੋਂ ਬਾਅਦ ਦੂਜੀ ਦਵਾਈ ਦੇਣਾ ਸੁਰੱਖਿਅਤ ਹੈ। ਜੇਕਰ ਤੁਸੀਂ ਆਪਣੇ ਬੱਚੇ ਨੂੰ ਪੈਰਾਸੀਟਾਮੋਲ ਅਤੇ ਆਈਬਿਊਪ੍ਰੋਫ਼ੈਨ ਦੋਵੇਂ ਦੇ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਖੁਰਾਕਾਂ ਅਤੇ ਸਮੇਂ ਦਾ ਧਿਆਨ ਰੱਖ ਰਹੇ ਹੋ। ਅਗਲੀਆਂ ਖੁਰਾਕਾਂ ਕਦੋਂ ਦੇਣੀਆਂ ਹਨ, ਇਸ ਬਾਰੇ ਯਾਦ ਦਿਵਾਉਣ ਲਈ ਆਪਣੇ ਫ਼ੋਨ 'ਤੇ ਟਾਈਮਰ ਸੈੱਟ ਕਰਨਾ ਵੀ ਮਦਦਗਾਰ ਹੋ ਸਕਦਾ ਹੈ।
ਕੀ ਦੰਦ ਕੱਢਣ ਨਾਲ ਬੁਖ਼ਾਰ ਹੋ ਸਕਦਾ ਹੈ? (Can teething cause a fever?)
ਜਿਨ੍ਹਾਂ ਬੱਚਿਆਂ ਦੇ ਦੰਦ ਨਿਕਲ ਰਹੇ ਹੁੰਦੇ ਹਨ, ਉਨ੍ਹਾਂ ਦਾ ਤਾਪਮਾਨ 38°C ਤੱਕ ਹੋ ਸਕਦਾ ਹੈ। 38°C ਤੋਂ ਵੱਧ ਤਾਪਮਾਨ ਦੰਦ ਆਉਣ ਕਾਰਨ ਨਹੀਂ ਹੁੰਦਾ; ਤੁਹਾਡੇ ਬੱਚੇ ਨੂੰ ਸੰਭਾਵਿਤ ਤੌਰ 'ਤੇ ਕੋਈ ਇੰਫੈਕਸ਼ਨ ਹੈ। ਇਹ ਇੱਕ ਸੰਜੋਗ ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੇ ਦੰਦ ਆ ਰਹੇ ਹਨ, ਅਤੇ ਉਸੇ ਸਮੇਂ ਉਸਨੂੰ ਇੰਫੈਕਸ਼ਨ
ਵੀ ਹੋ ਗਿਆ ਹੈ, ਕਿਉਂਕਿ ਇਹ ਦੋਵੇਂ ਗੱਲਾਂ ਛੋਟੇ ਬੱਚਿਆਂ ਵਿੱਚ ਆਮ ਹਨ।
ਮੇਰੇ ਬੱਚੇ ਨੂੰ ਦਰਦ ਦੀ ਦਵਾਈ ਲੈਣ ਤੋਂ ਬਾਅਦ ਵੀ ਬੁਖ਼ਾਰ ਹੈ। ਕੀ ਮੈਨੂੰ ਚਿੰਤਤ ਹੋਣਾ ਚਾਹੀਦਾ ਹੈ? (My child still has a fever after pain relief medicine. Should I be worried?)
ਜੇਕਰ ਤੁਹਾਡਾ ਬੱਚਾ ਠੀਕ ਮਹਿਸੂਸ ਕਰ ਰਿਹਾ ਹੈ ਅਤੇ ਉਸਦੇ ਹੋਰ ਲੱਛਣ ਵੀ ਸੁਧਰ ਰਹੇ ਹਨ, ਤਾਂ ਉਸਦੇ ਬੁਖ਼ਾਰ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਸ਼ਾਇਦ ਪੈਰਾਸੀਟਾਮੋਲ ਅਤੇ ਆਈਬਿਊਪ੍ਰੋਫ਼ੈਨ ਨਾਲ ਬੁਖ਼ਾਰ ਪੂਰੀ ਤਰ੍ਹਾਂ ਦੂਰ ਨਾ ਹੋਵੇ; ਇਹ ਦਵਾਈਆਂ ਦੇਣ ਦਾ ਮਕਸਦ ਸਿਰਫ਼ ਬੱਚੇ ਨੂੰ ਬਿਹਤਰ ਮਹਿਸੂਸ ਕਰਵਾਉਣਾ ਹੁੰਦਾ ਹੈ।
ਜੇਕਰ ਤੁਹਾਡੇ ਬੱਚੇ ਦਾ ਬੁਖ਼ਾਰ ਦੋ ਦਿਨਾਂ ਤੋਂ ਵੱਧ ਸਮੇਂ ਤੱਕ ਰਹਿ ਰਿਹਾ ਹੈ ਅਤੇ ਠੀਕ ਨਹੀਂ ਹੋ ਰਿਹਾ ਹੈ, ਜਾਂ ਤੁਸੀਂ ਚਿੰਤਤ ਹੋ ਕਿ ਉਹ ਬਹੁਤ ਬਿਮਾਰ ਲੱਗ ਰਹੇ ਹਨ, ਤਾਂ ਤੁਹਾਨੂੰ ਉਨ੍ਹਾਂ ਦੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।
ਕੀ ਮੈਂ ਆਪਣੇ ਬੱਚੇ ਨੂੰ ਬੁਖ਼ਾਰ ਵਿੱਚ ਐਸਪਰਿਨ ਦੇ ਸਕਦਾ/ਸਕਦੀ ਹਾਂ? (Can I give my child aspirin to help with a fever?)
ਆਪਣੇ ਬੱਚੇ ਨੂੰ ਡਾਕਟਰ ਦੀ ਲਿਖਤੀ ਸਲਾਹ ਤੋਂ ਬਿਨਾਂ ਕਦੇ ਵੀ ਐਸਪਰਿਨ ਨਾ ਦਿਓ। ਇਹ “ਰੇਯੀ ਸਿੰਡਰੋਮ” ਨਾਮ ਦੀ ਖ਼ਤਰਨਾਕ ਪਰ ਦੁਰਲੱਭ ਹੋਣ ਵਾਲੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ।
ਆਪਣੇ ਬੱਚੇ ਨੂੰ ਬਿਹਤਰ ਮਹਿਸੂਸ ਕਰਵਾਉਣ ਲਈ ਮੈਂ ਕਿਹੜੇ ਕੁਦਰਤੀ ਇਲਾਜ ਦੇ ਸਕਦਾ/ਸਕਦੀ ਹਾਂ? (What natural remedies can I give my child to help them feel better?)
ਡਾਕਟਰ ਦੀ ਸਲਾਹ ਤੋਂ ਬਿਨਾਂ ਬੱਚਿਆਂ ਨੂੰ ਕੁਦਰਤੀ ਇਲਾਜ ਦੇਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ। ਤੁਹਾਡੇ ਬੱਚੇ ਨੂੰ ਜਲਦੀ ਠੀਕ ਹੋਣ ਲਈ ਵਿਟਾਮਿਨਾਂ ਦੀ ਲੋੜ ਨਹੀਂ ਹੈ।
ਬੁਖ਼ਾਰ ਹੋਣ ‘ਤੇ ਮੇਰੇ ਬੱਚੇ ਨੂੰ ਸਕੂਲ ਜਾਂ ਚਾਈਲਡਕੇਅਰ ਤੋਂ ਦੂਰ ਕਿੰਨਾ ਸਮਾਂ ਘਰ ਰਹਿਣਾ ਚਾਹੀਦਾ ਹੈ? (How long should my child stay home from school or childcare with a fever?)
ਜਦੋਂ ਤੁਹਾਡਾ ਬੱਚਾ ਬਿਹਤਰ ਮਹਿਸੂਸ ਕਰ ਰਿਹਾ ਹੋਵੇ ਅਤੇ ਲੱਛਣ ਸੁਧਰ ਗਏ ਹੋਣ, ਤਾਂ ਉਹ ਸਕੂਲ ਜਾਂ ਚਾਈਲਡਕੇਅਰ ਵਾਪਸ ਜਾ ਸਕਦਾ ਹੈ ਜਦੋਂ ਤੱਕ ਕਿ ਉਸਦੇ ਡਾਕਟਰ ਨੇ ਕੁੱਝ ਹੋਰ ਨਾ ਕਿਹਾ ਹੋਵੇ।