Asthma – use of spacers (Punjabi) – ਦਮਾ ਰੋਗ - ਸਪੇਸਰ ਦੀ ਵਰਤੋਂ ਕਰਨਾ

  • ਕਸ਼ ਖਿੱਚਣਾ (ਸਾਹ ਅੰਦਰ ਖਿੱਚਣਾ) ਦਮੇ ਦੀਆਂ ਜ਼ਿਆਦਾਤਰ ਦਵਾਈਆਂ ਲੈਣ ਦਾ ਸਭ ਤੋਂ ਵਧੀਆ ਤਰੀਕਾ ਹੈ। ਬੱਚੇ ਨੂੰ ਦਮੇ ਦੀ ਦਵਾਈ ਪੱਫਰ ਅਤੇ ਸਪੇਸਰ ਰਾਹੀਂ ਦੇਣ ਨਾਲ ਦਮੇ ਦੇ ਲੱਛਣਾਂ ਤੋਂ ਛੁਟਕਾਰਾ ਮਿਲਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਨੇਬੂਲਾਈਜ਼ਰ ਦੀ ਵਰਤੋਂ ਨਾਲ ਮਿਲਦਾ ਹੈ, ਜਿਸਨੂੰ ਅਕਸਰ ਹਸਪਤਾਲਾਂ ਜਾਂ ਐਂਬੂਲੈਂਸਾਂ ਵਿੱਚ ਦਮੇ ਦੀ ਦਵਾਈ ਦੇਣ ਲਈ ਵਰਤਿਆ ਜਾਂਦਾ ਹੈ।

    ਪੱਫਰ (ਸਾਹ ਵਾਲੇ ਪੰਪ) ਅਤੇ ਸਪੇਸਰ ਦੀ ਵਰਤੋਂ ਕਰਦੇ ਸਮੇਂ ਹੇਠ ਲਿਖਿਆਂ ਨੂੰ ਯਾਦ ਰੱਖਣਾ ਮਹੱਤਵਪੂਰਨ ਹੈ:

    • ਪੱਫਰ ਅਤੇ ਸਪੇਸਰ ਇਕੱਠੇ ਵਰਤੇ ਜਾਣ ਨਾਲ ਇਕੱਲੇ ਪੱਫਰ ਦੀ ਵਰਤੋਂ ਕਰਨ ਨਾਲੋਂ ਬਿਹਤਰ ਹੈ ਕਿਉਂਕਿ ਜ਼ਿਆਦਾ ਦਵਾਈ ਫੇਫੜਿਆਂ ਤੱਕ ਪਹੁੰਚ ਜਾਂਦੀ ਹੈ ਜਿੱਥੇ ਇਸਦੀ ਲੋੜ ਹੁੰਦੀ ਹੈ।
    • ਹਸਪਤਾਲ ਵਿੱਚ ਦਿੱਤੇ ਗਏ ਪਫਾਂ ਦੀ ਗਿਣਤੀ ਆਮ ਤੌਰ 'ਤੇ ਘਰ ਵਿੱਚ ਦਿੱਤੇ ਜਾਣ ਤੋਂ ਵੱਧ ਹੁੰਦੀ ਹੈ।
    • ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਦਵਾਈ ਦੇ ਕੰਮ ਕਰਨ ਲਈ ਪੱਫਰ ਅਤੇ ਸਪੇਸਰ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ। ਇਹ ਯਕੀਨੀ ਬਣਾਓ ਕਿ ਤੁਹਾਨੂੰ ਸਪੇਸਰ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸਦੀ ਲੋੜ ਤੋਂ ਪਹਿਲਾਂ ਤੁਸੀਂ ਇਸਦਾ ਅਭਿਆਸ ਕੀਤਾ ਹੈ ਅਤੇ ਸਮਝ ਲਿਆ ਹੈ।
    • ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਸਪੇਸਰ ਦੀ ਦੇਖਭਾਲ ਕਿਵੇਂ ਕਰਨੀ ਹੈ।

    ਸਪੇਸਰਾਂ ਦੀ ਵਰਤੋਂ ਮਾਊਥਪੀਸ (ਮੂੰਹ 'ਤੇ ਲੱਗਣ ਵਾਲੇ ਕੁੱਪੇ) ਨਾਲ, ਜਾਂ ਛੋਟੇ ਬੱਚਿਆਂ ਅਤੇ ਬਾਲਕਾਂ ਲਈ ਫੇਸਮਾਸਕ ਨਾਲ ਕੀਤੀ ਜਾਂਦੀ ਹੈ।

    ਸਪੇਸਰ ਦੀ ਵਰਤੋਂ ਕਰਨਾ (Using a spacer)

    Asthma use of spacers

    1. ਸਪੇਸਰ ਦੇ ਨਾਲ ਆਈਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਸਪੇਸਰ ਨੂੰ ਜੋੜੋ। ਜੇਕਰ ਲੋੜ ਹੋਵੇ ਤਾਂ ਤੁਹਾਡਾ ਫਾਰਮਾਸਿਸਟ ਇਸ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ, ਅਤੇ ਹੇਠਾਂ ਦਿੱਤੀ ਗਈ ਤਕਨੀਕ ਨਾਲ ਜੋੜੋ।
    2. ਪੱਫਰ ਤੋਂ ਸੁਰੱਖਿਆ ਢੱਕਣ ਨੂੰ ਲਾਹੋ।
    3. ਪੱਫਰ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਭਾਫ਼ ਦੇ ਬਾਹਰ ਆਉਣ ਤੱਕ ਇਸ ਨੂੰ ਕੁੱਝ ਵਾਰ ਦਬਾਓ।
    4. ਸਪੇਸਰ ਦੇ ਸਿਰੇ ਵਿੱਚ ਪੱਫਰ ਨੂੰ ਮਜ਼ਬੂਤੀ ਨਾਲ ਪਾਓ।
    5. ਛੋਟੇ ਬੱਚਿਆਂ ਲਈ, ਆਪਣੇ ਬੱਚੇ ਦੇ ਚਿਹਰੇ 'ਤੇ ਮਾਸਕ ਲਗਾਓ, ਇਹ ਯਕੀਨੀ ਬਣਾਓ ਕਿ ਇਹ ਮੂੰਹ ਅਤੇ ਨੱਕ ਨੂੰ ਢੱਕਦਾ ਹੈ। ਚਮੜੀ 'ਤੇ ਚੰਗੀ ਸੀਲ ਲਗਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ। 
      ਜਾਂ, ਵੱਡੇ ਬੱਚਿਆਂ ਲਈ:
      ਜੇਕਰ ਤੁਹਾਡਾ ਬੱਚਾ ਬਗ਼ੈਰ ਮਾਸਕ ਦੇ ਸਪੇਸਰ ਦੀ ਵਰਤੋਂ ਕਰਨ ਦੇ ਯੋਗ ਹੈ, ਤਾਂ ਉਸਨੂੰ ਸਪੇਸਰ ਦਾ ਮਾਊਥਪੀਸ ਆਪਣੇ ਮੂੰਹ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਆਪਣੇ ਦੰਦਾਂ ਦੇ ਵਿਚਕਾਰ ਰੱਖਣਾ ਚਾਹੀਦਾ ਹੈ, ਫਿਰ ਆਪਣੇ ਬੁੱਲ੍ਹਾਂ ਨੂੰ ਸਪੇਸਰ ਦੇ ਮਾਊਥਪੀਸ ਦੇ ਦੁਆਲੇ ਬੰਦ ਕਰਨਾ ਚਾਹੀਦਾ ਹੈ। ਯਕੀਨੀ ਬਣਾਓ ਕਿ ਉਹਨਾਂ ਦੇ ਬੁੱਲ੍ਹ ਪੂਰੇ ਮੂੰਹ ਨੂੰ ਢੱਕਦੇ ਹਨ ਤਾਂ ਜੋ ਕੋਈ ਵਿੱਥ ਨਾ ਰਹੇ।  
    6. ਆਪਣੇ ਬੱਚੇ ਨੂੰ ਸਿੱਧਾ ਬੈਠਣ ਅਤੇ ਹੌਲੀ-ਹੌਲੀ ਸਾਹ ਲੈਣ ਲਈ ਕਹੋ। ਸਪੇਸਰ ਅਤੇ ਪੱਫਰ ਨੂੰ ਸਿੱਧਾ ਫੜੀ ਰੱਖੋ ਤਾਂ ਜੋ ਉਹ ਉੱਪਰ ਝੁਕਣ ਜਾਂ ਹੇਠਾਂ ਨੂੰ ਨਾ ਲਟਕ ਜਾਣ।
    7. ਸਪੇਸਰ ਵਿੱਚ ਦਵਾਈ ਦੀ ਇੱਕ ਖ਼ੁਰਾਕ ਛੱਡਣ ਲਈ ਪੱਫਰ ਨੂੰ ਇੱਕ ਵਾਰ ਦਬਾਓ। ਪੱਫਰ ਨੂੰ ਵਿੱਚੋਂ ਬਾਹਰ ਨਾ ਕੱਢੋ।
    8. ਆਪਣੇ ਬੱਚੇ ਨੂੰ ਚਾਰ ਵਾਰ ਸਾਹ ਅੰਦਰ ਲੈਣ ਅਤੇ ਬਾਹਰ ਕੱਢਣ ਦਿਓ। ਆਮ ਤੌਰ 'ਤੇ ਇਸਦਾ ਮਤਲਬ ਹੈ ਕਿ ਸਪੇਸਰ ਨੂੰ ਲਗਭਗ 15-20 ਸਕਿੰਟਾਂ ਲਈ ਉਸੇ ਸਥਿਤੀ ਵਿੱਚ ਛੱਡਣਾ। ਹਰ ਸਾਹ ਦੇ ਵਿਚਕਾਰ ਮਾਸਕ ਨੂੰ ਨਾ ਹਟਾਓ - ਇਹ ਇੱਕ ਦੋ-ਪੱਖੀ ਵਾਲਵ ਪ੍ਰਣਾਲੀ ਹੈ ਜੋ ਕਿਸੇ ਵੀ ਦਵਾਈ ਨੂੰ ਚੈਂਬਰ ਵਿੱਚੋਂ ਬਾਹਰ ਨਿਕਲਣ ਤੋਂ ਰੋਕਦੀ ਹੈ। ਇਹ ਵਾਲਵ ਹਰ ਸਾਹ ਦੇ ਨਾਲ ਇੱਕ ਕਲਿੱਕ ਕਰਨ ਵਾਲੀ ਆਵਾਜ਼ ਕਰ ਸਕਦਾ ਹੈ।

    ਜੇਕਰ ਹੋਰ ਪਫ਼ ਦੀ ਲੋੜ ਹੋਵੇ, ਤਾਂ ਪੱਫਰ ਨੂੰ ਦੁਬਾਰਾ ਹਿਲਾਓ ਅਤੇ ਕਦਮ 4 ਤੋਂ ਲੈ ਕੇ 7 ਤੱਕ ਦੁਹਰਾਓ। ਤੁਸੀਂ ਪੱਫਰ ਨੂੰ ਹਿਲਾ ਸਕਦੇ ਹੋ ਜਦੋਂ ਇਹ ਅਜੇ ਵੀ ਸਪੇਸਰ ਨਾਲ ਲੱਗਿਆ ਹੋਇਆ ਹੈ।

    5 ਸਾਲ ਅਤੇ ਇਸਤੋਂ ਘੱਟ ਉਮਰ ਦੇ ਜ਼ਿਆਦਾਤਰ ਬੱਚਿਆਂ ਨੂੰ ਇੱਕ ਸਮੇਂ ਵਿੱਚ ਵੈਂਟੋਲਿਨ ਦੇ ਦੋ ਤੋਂ ਛੇ ਪਫਾਂ ਦੀ ਲੋੜ ਪਵੇਗੀ, ਅਤੇ ਛੇ ਸਾਲ ਜਾਂ ਇਸਤੋਂ ਵੱਧ ਉਮਰ ਦੇ ਜ਼ਿਆਦਾਤਰ ਬੱਚੇ ਇੱਕ ਸਮੇਂ ਵਿੱਚ ਵੈਂਟੋਲਿਨ ਦੇ 12 ਪਫਾਂ ਦੀ ਵਰਤੋਂ ਕਰਦੇ ਹਨ।

    ਆਪਣੇ ਸਪੇਸਰ ਦੀ ਦੇਖਭਾਲ ਕਰਨਾ (Caring for your spacer)

    ਸਪੇਸਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰਨਾ ਚਾਹੀਦਾ ਹੈ।

    ਸਪੇਸਰ ਨੂੰ ਵੱਖ ਕਰੋ ਅਤੇ ਇਸਨੂੰ ਗਰਮ ਪਾਣੀ ਵਿੱਚ ਧੋਵੋ ਜਿਸ ਵਿੱਚ ਥੋੜਾ ਜਿਹਾ ਭਾਂਡੇ ਧੋਣ ਵਾਲਾ ਡਿਟਰਜੈਂਟ ਜਾਂ ਹਲਕਾ ਸਾਬਣ ਹੋਵੇ।

    ਸਪੇਸਰ ਨੂੰ ਨਾ ਧੋਵੋ। ਸਪੇਸਰ ਵਿੱਚ ਸਥਿਰ ਬਿਜਲੀ ਨੂੰ ਘੱਟ ਤੋਂ ਘੱਟ ਕਰਨ ਲਈ, ਸਪੇਸਰ ਦੀ ਅੰਦਰਲੀ ਪਰਤ ਉੱਤੇ ਬਚੇ ਹੋਏ ਸਾਬਣ ਨੂੰ ਛੱਡਣਾ ਮਹੱਤਵਪੂਰਨ ਹੈ। ਸਥਿਰ ਬਿਜਲੀ ਕਾਰਨ ਦਵਾਈ ਤੁਹਾਡੇ ਬੱਚੇ ਦੇ ਫੇਫੜਿਆਂ ਵਿੱਚ ਦਾਖਲ ਹੋਣ ਦੀ ਬਜਾਏ ਸਪੇਸਰ ਦੀਆਂ ਕੰਧਾਂ ਵਿੱਚ ਫਸ ਜਾਂਦੀ ਹੈ।

    ਸਪੇਸਰ ਨੂੰ ਸੁੱਕਣ ਦਿਓ। ਛੋਟੇ ਤੌਲੀਏ ਜਾਂ ਰਸੋਈ ਦੇ ਕਾਗਜ਼ ਨਾਲ ਸਪੇਸਰ ਨੂੰ ਨਾ ਸੁਕਾਓ - ਇਹ ਹਵਾ ਨਾਲ ਸੁੱਕਣਾ ਚਾਹੀਦਾ ਹੈ। ਇਹ ਰਾਤ ਦੇ ਸਮੇਂ ਦੌਰਾਨ ਕੀਤਾ ਜਾ ਸਕਦਾ ਹੈ।

    ਸਪੇਸਰ ਨੂੰ ਫਿਰ ਤੋਂ ਜੋੜੋ।

    ਕਿਸੇ ਹੋਰ ਨੂੰ ਆਪਣੇ ਬੱਚੇ ਦੇ ਸਪੇਸਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿਓ।

    ਹਟਾਉਣਯੋਗ ਵਾਲਵ (ਜਿਵੇਂ ਕਿ ਬ੍ਰੈਥ-ਏ-ਟੈਕ) ਵਾਲੇ ਸਪੇਸਰਾਂ ਨੂੰ ਫਿਰ ਜੋੜਦੇ ਸਮੇਂ, ਇਹ ਯਕੀਨੀ ਬਣਾਓ ਕਿ ਵਾਲਵ ਦੇ ਚਾਰ ਛੇਕ ਕਿੱਲੀਆਂ ਉੱਤੇ ਫਿੱਟ ਹਨ। ਵਾਧੂ ਵਾਲਵ ਤੁਹਾਡੀ ਸਥਾਨਕ ਫਾਰਮੇਸੀ ਤੋਂ ਖ਼ਰੀਦੇ ਜਾ ਸਕਦੇ ਹਨ। ਸਪੇਸਰਾਂ ਨੂੰ ਹਰ ਸਾਲ ਬਦਲਿਆ ਜਾਣਾ ਚਾਹੀਦਾ ਹੈ। ਤੁਹਾਡਾ ਫਾਰਮਾਸਿਸਟ ਸਹੀ ਤਕਨੀਕ ਅਤੇ ਤੁਹਾਡੇ ਸਪੇਸਰ ਦੀ ਦੇਖਭਾਲ ਸੰਬੰਧੀ ਸਵਾਲਾਂ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਦਵਾਈ ਦੇ ਕੰਮ ਕਰਨ ਲਈ ਪੱਫਰ ਅਤੇ ਸਪੇਸਰ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ।

    ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਸਪੇਸਰ ਦੀ ਦੇਖਭਾਲ ਕਿਵੇਂ ਕਰਨੀ ਹੈ।  

    ਸਪੇਸਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰਨਾ ਚਾਹੀਦਾ ਹੈ। ਸਪੇਸਰਾਂ ਨੂੰ ਪਾਣੀ ਨਾਲ ਹੰਗਾਲਣਾ ਜਾਂ ਸੁੱਕਾ ਪੂੰਝਿਆ ਨਹੀਂ ਜਾਣਾ ਚਾਹੀਦਾ।

    ਕਿਸੇ ਹੋਰ ਨੂੰ ਆਪਣੇ ਬੱਚੇ ਦੇ ਸਪੇਸਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿਓ।

    ਵਧੇਰੇ ਜਾਣਕਾਰੀ ਲਈ (For more information)

    ਕਿਡਜ਼ ਹੈਲਥ ਇਨਫ਼ੋ ਤੱਥ ਸ਼ੀਟ: ਦਮਾ  

    ਕਿਡਜ਼ ਹੈਲਥ ਇਨਫ਼ੋ ਤੱਥ ਸ਼ੀਟ: ਦਮਾ - ਵੀਡੀਓਜ਼

    ਨੈਸ਼ਨਲ ਅਸਥਮਾ ਕੌਂਸਲ ਆਸਟ੍ਰੇਲੀਆ

    ਅਸਥਮਾ ਆਸਟ੍ਰੇਲੀਆ

    ਇਹ ਰਾਇਲ ਚਿਲਡਰਨਜ਼ ਹਸਪਤਾਲ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਅਗਸਤ 2023 ਵਿੱਚ ਸਮੀਖਿਆ ਕੀਤੀ ਗਈ

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।