Gastroenteritis (Punjabi) – ਗੈਸਟ੍ਰੋਐਂਟਰਾਇਟਿਸ

  • ਗੈਸਟ੍ਰੋਐਂਟਰਾਇਟਿਸ (ਗੈਸਟਰੋ) ਇੱਕ ਅੰਤੜੀਆਂ ਦਾ ਇਨਫੈਕਸ਼ਨ (ਲਾਗ) ਹੈ ਜੋ ਦਸਤ (ਪਤਲੀ, ਪਾਣੀ ਵਰਗੀ ਟੱਟੀ) ਅਤੇ ਕਈ ਵਾਰ ਉਲਟੀਆਂ ਦਾ ਕਾਰਨ ਬਣਦੀ ਹੈ। ਉਲਟੀਆਂ ਜਲਦੀ ਠੀਕ ਹੋ ਸਕਦੀਆਂ ਹਨ, ਪਰ ਦਸਤ 10 ਦਿਨਾਂ ਤੱਕ ਰਹਿ ਸਕਦੇ ਹਨ।

    ਗੈਸਟਰੋ ਬਹੁਤ ਸਾਰੇ ਵੱਖ-ਵੱਖ ਕੀਟਾਣੂਆਂ ਕਾਰਨ ਹੋ ਸਕਦਾ ਹੈ, ਹਾਲਾਂਕਿ ਗੈਸਟਰੋ ਦਾ ਸਭ ਤੋਂ ਆਮ ਕਾਰਨ ਵਾਇਰਲ ਇਨਫੈਕਸ਼ਨ ਹੋਣਾ ਹੈ। ਜ਼ਿਆਦਾਤਰ ਬੱਚਿਆਂ ਨੂੰ ਗੈਸਟਰੋ ਲਈ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੁੰਦੀ ਹੈ; ਹਾਲਾਂਕਿ, ਇਹ ਅਹਿਮ ਹੈ ਕਿ ਉਹ ਸਰੀਰ ਵਿੱਚ ਪਾਣੀ ਦੀ ਕਮੀ (ਡੀਹਾਈਡ੍ਰੇਟ) ਹੋਣ ਤੋਂ ਬਚਣ ਲਈ ਖ਼ੂਬ ਸਾਰੇ ਤਰਲ ਪੀਂਦੇ ਹਨ।

    ਗੈਸਟਰੋ ਆਸਾਨੀ ਨਾਲ ਫ਼ੈਲਦਾ ਹੈ, ਅਤੇ ਬਾਲਕਾਂ ਅਤੇ ਛੋਟੇ ਬੱਚਿਆਂ ਵਿੱਚ ਵਧੇਰੇ ਆਮ ਅਤੇ ਗੰਭੀਰ ਹੁੰਦਾ ਹੈ। ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਬਹੁਤ ਆਸਾਨੀ ਨਾਲ ਡੀਹਾਈਡ੍ਰੇਟ ਹੋ ਸਕਦੇ ਹਨ ਅਤੇ ਜੇ ਉਹਨਾਂ ਨੂੰ ਗੈਸਟਰੋ ਹੈ ਤਾਂ ਉਹਨਾਂ ਨੂੰ GP ਦੁਆਰਾ ਦੇਖੇ ਜਾਣ ਦੀ ਲੋੜ ਹੁੰਦੀ ਹੈ।

    ਗੈਸਟਰੋ ਦੀਆਂ ਨਿਸ਼ਾਨੀਆਂ ਅਤੇ ਲੱਛਣ (Signs and symptoms of gastro)

    ਜੇਕਰ ਤੁਹਾਡੇ ਬੱਚੇ ਨੂੰ ਗੈਸਟਰੋ ਹੈ, ਤਾਂ ਉਹ ਇਹ ਕਰਦੇ ਹੋ ਸਕਦੇ ਹਨ:

    • ਬਿਮਾਰ ਮਹਿਸੂਸ ਕਰਦੇ, ਅਤੇ ਖਾਣਾ ਜਾਂ ਪੀਣਾ ਨਹੀਂ ਚਾਹੁੰਦੇ
    • ਪਹਿਲੇ 24 ਤੋਂ 48 ਘੰਟਿਆਂ ਵਿੱਚ ਉਲਟੀਆਂ (ਆਮ ਤੌਰ 'ਤੇ ਦਸਤ ਸ਼ੁਰੂ ਹੋਣ ਤੋਂ ਪਹਿਲਾਂ)
    • ਦਸਤ, ਜੋ 10 ਦਿਨਾਂ ਤੱਕ ਰਹਿ ਸਕਦੇ ਹਨ
    • ਥੋੜ੍ਹਾ ਜਿਹਾ ਪੇਟ ਦਰਦ
    • ਬੁਖ਼ਾਰ।

    ਘਰ ਵਿੱਚ ਦੇਖਭਾਲ (Care at home)

    ਇਸਦਾ ਮੁੱਖ ਇਲਾਜ ਆਪਣੇ ਬੱਚੇ ਨੂੰ ਅਕਸਰ ਤਰਲ ਪਦਾਰਥ ਜਿਵੇਂ ਕਿ ਪਾਣੀ, ਮੂੰਹ ਰਾਹੀਂ ਲੈਣ ਵਾਲਾ ਰੀਹਾਈਡਰੇਸ਼ਨ ਘੋਲ, ਮਾਂ ਦਾ ਦੁੱਧ ਜਾਂ ਫਾਰਮੂਲਾ ਦੁੱਧ ਪਿਆਉਂਦੇ ਰਹਿਣਾ ਹੈ। ਉਲਟੀਆਂ ਅਤੇ ਦਸਤ ਕਾਰਨ ਸਰੀਰ ਵਿੱਚੋਂ ਨਿੱਕਲੇ ਤਰਲ ਪਦਾਰਥਾਂ ਨੂੰ ਬਦਲਣਾ ਬਹੁਤ ਮਹੱਤਵਪੂਰਨ ਹੈ।

    ਜੇ ਤੁਹਾਡਾ ਬੱਚਾ ਪਾਣੀ ਜਾਂ ਮੂੰਹ ਰਾਹੀਂ ਲੈਣ ਵਾਲੇ ਰੀਹਾਈਡਰੇਸ਼ਨ ਤਰਲ ਪਦਾਰਥਾਂ ਪੀਣ ਤੋਂ ਮਨ੍ਹਾ ਕਰਦਾ ਹੈ, ਤਾਂ ਸੇਬ ਦੇ ਜੂਸ ਨੂੰ ਪਾਣੀ ਨਾਲ ਪਤਲਾ ਕਰਕੇ ਪਿਲਾਕੇ ਦੇਖੋ। ਅਜਿਹੇ ਪੀਣ ਵਾਲੇ ਪਦਾਰਥ ਨਾ ਦਿਓ ਜਿਨ੍ਹਾਂ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੋਵੇ (ਜਿਵੇਂ ਕਿ ਫਲੈਟ ਲੈਮੋਨੇਡ ਜਾਂ ਸਪੋਰਟਸ ਡਰਿੰਕਸ), ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਕਮੀ (ਡੀਹਾਈਡਰੇਸ਼ਨ) ਨੂੰ ਹੋਰ ਬਦਤਰ ਬਣਾ ਸਕਦੇ ਹਨ। ਤੁਸੀਂ ਆਪਣੇ ਬੱਚੇ ਨੂੰ ਉਸਦਾ ਆਮ ਦੁੱਧ ਪੀਣ ਲਈ ਦੇ ਸਕਦੇ ਹੋ; ਹਾਲਾਂਕਿ, ਕੁੱਝ ਬੱਚਿਆਂ ਨੂੰ ਗੈਸਟਰੋ ਹੋਣ 'ਤੇ ਦੁੱਧ ਪੀਣਾ ਪਸੰਦ ਨਹੀਂ ਹੋ ਸਕਦਾ।

    ਜੇਕਰ ਤੁਹਾਡੇ ਬੱਚੇ ਨੂੰ ਤਰਲ ਦੀ ਵੱਡੀ ਮਾਤਰਾ ਪੀਣ ਨਾਲ ਉਲਟੀਆਂ ਆਉਂਦੀਆਂ ਹਨ, ਤਾਂ ਉਸਨੂੰ ਵਾਰ-ਵਾਰ (ਹਰ 10-15 ਮਿੰਟਾਂ ਵਿੱਚ) ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਤਰਲ ਦੇਣ ਦੀ ਕੋਸ਼ਿਸ਼ ਕਰੋ। ਤੁਹਾਡੇ ਬੱਚੇ ਨੂੰ ਪਹਿਲੀ ਵਾਰ ਗੈਸਟਰੋ ਹੋਣ 'ਤੇ ਉਹ ਭੋਜਨ ਖਾਣ ਤੋਂ ਮਨ੍ਹਾ ਕਰ ਸਕਦਾ ਹੈ। ਜਦੋਂ ਤੱਕ ਉਹ ਤਰਲ ਪਦਾਰਥ ਪੀ ਰਹੇ ਹਨ, ਉਦੋਂ ਤੱਕ ਇਹ ਬਹੁਤ ਹੀ ਛੋਟੀ ਸਮੱਸਿਆ ਹੈ।

    ਆਪਣੇ ਬੱਚੇ ਨੂੰ ਉਲਟੀਆਂ ਅਤੇ ਦਸਤ ਨੂੰ ਘੱਟ ਕਰਨ ਵਾਲੀਆਂ ਓਵਰ-ਦ-ਕਾਊਂਟਰ ਦਵਾਈਆਂ ਨਾ ਦਿਓ, ਕਿਉਂਕਿ ਇਹ ਦਵਾਈਆਂ ਬੱਚਿਆਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ।

    ਗੈਸਟਰੋ ਵਾਲੇ ਬੱਚੇ ਆਮ ਤੌਰ 'ਤੇ ਛੂਤ ਵਾਲੇ ਹੁੰਦੇ ਹਨ, ਇਸ ਲਈ ਆਪਣੇ ਬੱਚੇ ਨਾਲ ਸੰਪਰਕ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ, ਖ਼ਾਸ ਤੌਰ 'ਤੇ ਦੁੱਧ ਪਿਲਾਉਣ ਤੋਂ ਪਹਿਲਾਂ ਅਤੇ ਨੈਪੀ ਬਦਲਣ ਤੋਂ ਬਾਅਦ। ਜਦੋਂ ਤੱਕ ਦਸਤ ਬੰਦ ਨਹੀਂ ਹੋ ਜਾਂਦੇ ਹਨ ਉਦੋਂ ਤੱਕ ਆਪਣੇ ਬੱਚੇ ਨੂੰ ਦੂਜੇ ਬੱਚਿਆਂ ਤੋਂ ਜਿੰਨਾ ਸੰਭਵ ਹੋ ਸਕੇ ਦੂਰ ਰੱਖੋ।

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੀ ਹਮੇਸ਼ਾ ਕਿਸੇ GP ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਜੇਕਰ ਉਹਨਾਂ ਨੂੰ ਗੈਸਟਰੋ ਹੈ, ਕਿਉਂਕਿ ਉਹਨਾਂ ਨੂੰ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਦਾ ਵਧੇਰੇ ਜ਼ੋਖਮ ਹੁੰਦਾ ਹੈ।

    ਗੈਸਟਰੋ ਵਾਲੇ ਕਿਸੇ ਵੀ ਬੱਚੇ ਨੂੰ GP ਨੂੰ ਮਿਲਣਾ ਚਾਹੀਦਾ ਹੈ ਜੇਕਰ:

    • ਉਹ ਉਲਟੀਆਂ ਕਰ ਰਹੇ ਹਨ ਅਤੇ ਦਸਤ ਲੱਗੇ ਹੋਏ ਹਨ, ਅਤੇ ਕੁੱਝ ਵੀ ਪੀ ਨਹੀਂ ਰਹੇ ਹਨ
    • ਉਹਨਾਂ ਨੂੰ ਬਹੁਤ ਜ਼ਿਆਦਾ ਦਸਤ ਲੱਗੇ ਹੋਏ ਹਨ (ਪ੍ਰਤੀ ਦਿਨ ਅੱਠ ਤੋਂ 10 ਪਾਣੀ ਵਰਗੀਆਂ ਪਤਲੀਆਂ ਟੱਟੀਆਂ, ਜਾਂ ਦੋ ਜਾਂ ਤਿੰਨ ਵੱਡੀਆਂ ਟੱਟੀਆਂ) ਜਾਂ ਜੇਕਰ ਦਸਤ 10 ਦਿਨਾਂ ਬਾਅਦ ਵੀ ਠੀਕ ਨਹੀਂ ਹੁੰਦੇ ਹਨ
    • ਉਹ ਅਕਸਰ ਉਲਟੀ ਕਰਦੇ ਹਨ ਅਤੇ ਕੋਈ ਵੀ ਤਰਲ ਪਦਾਰਥ ਪੇਟ ਵਿੱਚ ਰੱਖਣ ਵਿੱਚ ਅਸਮਰੱਥ ਜਾਪਦੇ ਹਨ
    • ਉਹ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਦੇ ਲੱਛਣ ਦਿਖਾਉਂਦੇ ਹਨ ਜਿਵੇਂ ਕਿ ਘੱਟ ਗਿੱਲੀਆਂ ਨੈਪੀਆਂ ਜਾਂ ਜ਼ਿਆਦਾ ਟਾਇਲਟ ਨਾ ਜਾਣਾ, ਗੂੜ੍ਹਾ ਪੀਲਾ ਜਾਂ ਭੂਰਾ, ਘੁੰਮੇਰ ਜਾਂ ਚੱਕਰ ਆਉਣਾ, ਬੁੱਲ੍ਹ ਅਤੇ ਮੂੰਹ ਸੁੱਕਣਾ
    • ਉਹਨਾਂ ਦੇ ਪੇਟ ਵਿੱਚ ਦਰਦ ਹੈ
    • ਉਹਨਾਂ ਦੀ ਟੱਟੀ ਵਿੱਚ ਖ਼ੂਨ ਹੈ
    • ਉਹਨਾਂ ਨੂੰ ਹਰੀ ਉਲਟੀ ਆਉਂਦੀ ਹੈ
    • ਉਹ ਤੁਹਾਨੂੰ ਕਿਸੇ ਹੋਰ ਕਾਰਨ ਕਰਕੇ ਚਿੰਤਤ ਕਰ ਰਹੇ ਹਨ।

    ਜੇਕਰ ਤੁਹਾਡੇ ਬੱਚੇ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਪਾਣੀ ਦੀ ਕਮੀ ਹੋ ਗਈ ਹੈ ਅਤੇ ਉਹ ਕਿਸੇ ਵੀ ਤਰਲ ਪਦਾਰਥ ਨੂੰ ਪਚਾ ਨਹੀਂ ਪਾ ਰਿਹਾ, ਤਾਂ ਉਸਨੂੰ ਨੱਕ ਰਾਹੀਂ ਪੇਟ ਵਿੱਚ (ਇੱਕ ਨੈਸੋਗੈਸਟ੍ਰਿਕ ਟਿਊਬ) ਜਾਂ ਡ੍ਰਿੱਪ (ਇੰਟਰਾਵੇਨਸ ਜਾਂ IV ਥੈਰੇਪੀ) ਰਾਹੀਂ ਸਿੱਧੇ ਨਾੜੀ ਵਿੱਚ ਤਰਲ ਪਦਾਰਥ ਲੈਣ ਲਈ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਹੋ ਸਕਦੀ ਹੈ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਗੈਸਟਰੋ ਨਾਲ ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਬਹੁਤ ਆਸਾਨੀ ਨਾਲ ਡੀਹਾਈਡ੍ਰੇਟ ਹੋ ਸਕਦੇ ਹਨ ਅਤੇ ਉਹਨਾਂ ਨੂੰ GP ਦੁਆਰਾ ਦੇਖੇ ਜਾਣ ਦੀ ਲੋੜ ਹੁੰਦੀ ਹੈ।
    • ਹਰ ਵਾਰ ਬੱਚੇ ਜਦੋਂ ਉਲਟੀ ਕਰਦੇ ਹਨ ਤਾਂ ਉਨ੍ਹਾਂ ਨੂੰ ਕੁੱਝ ਪੀਣ ਨੂੰ ਦਿਓ। ਮਾਂ ਦਾ ਦੁੱਧ ਚੁੰਘਾਉਣਾ ਜਾਰੀ ਰੱਖੋ। ਜੇਕਰ ਬੋਤਲ ਰਾਹੀਂ ਦੁੱਧ ਪਿਆਉਂਦੇ ਹੋ, ਤਾਂ ਪਹਿਲੇ 12 ਘੰਟਿਆਂ ਲਈ ਮੂੰਹ ਰਾਹੀਂ ਰੀਹਾਈਡਰੇਸ਼ਨ ਘੋਲ ਦਿਓ।
    • ਬੱਚਿਆਂ ਨੂੰ ਅਕਸਰ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਤਰਲ ਪਦਾਰਥ ਦਿਓ।
    • ਤੁਹਾਡਾ ਬਾਲਕ ਜਾਂ ਬੱਚਾ ਛੂਤ ਵਾਲਾ ਹੈ, ਇਸ ਲਈ ਨਿਯਮਿਤ ਤੌਰ 'ਤੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ, ਖ਼ਾਸ ਕਰਕੇ ਦੁੱਧ ਪਿਲਾਉਣ ਤੋਂ ਪਹਿਲਾਂ ਅਤੇ ਨੈਪੀ ਬਦਲਣ ਤੋਂ ਬਾਅਦ।
    • ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਜਾਓ ਜੇਕਰ ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ, ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੈ ਜਾਂ ਤੁਸੀਂ ਚਿੰਤਤ ਹੋ।

    ਵਧੇਰੇ ਜਾਣਕਾਰੀ ਲਈ (For more information)

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਮੈਂ ਚਿੰਤਤ ਹਾਂ ਕਿ ਜੋ ਤਰਲ ਪਦਾਰਥ ਮੈਂ ਆਪਣੇ ਬੱਚੇ ਨੂੰ ਦੇ ਰਿਹਾ/ਹੀ ਹਾਂ, ਉਹ ਦਸਤ ਰੋਗ ਨੂੰ ਹੋਰ ਵਿਗਾੜ ਰਹੇ ਹਨ। ਕੀ ਮੈਨੂੰ ਉਸਨੂੰ ਪੀਣ ਲਈ ਘੱਟ ਦੇਣਾ ਚਾਹੀਦਾ ਹੈ?

    ਤਰਲ ਪਦਾਰਥ ਦਿੱਤੇ ਜਾਣਾ ਬਹੁਤ ਜ਼ਰੂਰੀ ਹੈ, ਭਾਵੇਂ ਦਸਤ ਵਿਗੜਦੇ ਜਾਪਦੇ ਹੋਣ। ਸਰੀਰ ਵਿੱਚ ਪਾਣੀ ਦੀ ਕਮੀ ਨੂੰ ਰੋਕਣ ਲਈ ਦਸਤ ਜਾਂ ਉਲਟੀਆਂ ਕਾਰਨ ਨਿੱਕਲੇ ਤਰਲ ਪਦਾਰਥਾਂ ਨੂੰ ਬਦਲਣਾ ਮਹੱਤਵਪੂਰਨ ਹੈ।

    ਕੀ ਮੈਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਜਦੋਂ ਮੇਰੇ ਬੱਚੇ ਨੂੰ ਗੈਸਟਰੋ ਹੁੰਦਾ ਹੈ ਤਾਂ ਉਹ ਕੁੱਝ ਵੀ ਖਾਣਾ ਨਹੀਂ ਚਾਹੁੰਦਾ ਹੈ?

    ਜਦੋਂ ਤੁਹਾਡੇ ਬੱਚੇ ਨੂੰ ਪਹਿਲੀ ਵਾਰ ਗੈਸਟਰੋ ਹੁੰਦਾ ਹੈ ਤਾਂ ਉਹ ਬਿਲਕੁਲ ਹੀ ਭੋਜਨ ਖਾਣ ਤੋਂ ਮਨ੍ਹਾ ਕਰ ਸਕਦਾ ਹੈ। ਇਹ ਆਮ ਤੌਰ 'ਤੇ ਕੋਈ ਸਮੱਸਿਆ ਨਹੀਂ ਹੁੰਦੀ ਜਦੋਂ ਤੱਕ ਉਹ ਤਰਲ ਪਦਾਰਥ ਪੀ ਰਹੇ ਹੁੰਦੇ ਹਨ। ਜਦੋਂ ਤੁਹਾਡੇ ਬੱਚੇ ਨੂੰ ਦੁਬਾਰਾ ਭੁੱਖ ਲੱਗਦੀ ਹੈ, ਤਾਂ ਉਸਨੂੰ ਉਹ ਭੋਜਨ ਦਿਓ ਜੋ ਉਹ ਖਾਣਾ ਪਸੰਦ ਕਰਦੇ ਹਨ।

    ਕੀ ਮੇਰਾ ਬੱਚਾ ਗੈਸਟਰੋ ਤੋਂ ਬਾਅਦ ਡੇਅਰੀ ਪਦਾਰਥ ਖਾ ਸਕਦਾ ਹੈ?

    ਬਹੁਤ ਸਾਰੇ ਬੱਚੇ ਗੈਸਟਰੋ ਦੇ ਦੌਰੇ ਤੋਂ ਬਾਅਦ ਥੋੜ੍ਹੇ ਸਮੇਂ ਲਈ ਡੇਅਰੀ ਪ੍ਰਤੀ ਸੰਵੇਦਨਸ਼ੀਲ ਹੋ ਜਾਂਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਸੀਂ ਗੈਸਟਰੋ ਤੋਂ ਬਾਅਦ ਦੋ ਹਫ਼ਤਿਆਂ ਦੀ ਮਿਆਦ ਲਈ ਉਹਨਾਂ ਦੇ ਡੇਅਰੀ ਦੇ ਸੇਵਨ ਨੂੰ ਘਟਾ ਸਕਦੇ ਹੋ। ਜੇਕਰ ਲੱਛਣ ਇਸਤੋਂ ਬਾਅਦ ਵੀ ਬਣੇ ਰਹਿੰਦੇ ਹਨ, ਤਾਂ ਆਪਣੇ ਬੱਚੇ ਨੂੰ ਆਪਣੇ GP ਕੋਲ ਵਾਪਸ ਲੈ ਜਾਓ।


    ਦ ਰਾਇਲ ਚਿਲਡਰਨਜ਼ ਹਸਪਤਾਲ ਜਨਰਲ ਮੈਡੀਸਨ, ਐਮਰਜੈਂਸੀ ਅਤੇ ਗੈਸਟ੍ਰੋਐਂਟਰੌਲੋਜੀ ਵਿਭਾਗਾਂ, ਅਤੇ ਕਮਿਊਨਿਟੀ ਚਾਈਲਡ ਹੈਲਥ ਲਈ ਕੇਂਦਰ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਜੁਲਾਈ 2023 ਵਿੱਚ ਸਮੀਖਿਆ ਕੀਤੀ ਗਈ।

    ਇਹ ਜਾਣਕਾਰੀ ਨਿਰਧਾਰਤ ਸਮੀਖਿਆ ਦੀ ਉਡੀਕ ਕਰ ਰਹੀ ਹੈ। ਕਿਰਪਾ ਕਰਕੇ ਹਮੇਸ਼ਾ ਰਜਿਸਟਰਡ ਅਤੇ ਅਭਿਆਸ ਕਰਨ ਵਾਲੇ ਡਾਕਟਰ ਤੋਂ ਸਭ ਤੋਂ ਤਾਜ਼ਾ ਸਲਾਹ ਲਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।