Croup (Punjabi) – ਕਰੁੱਪ (ਖਰਖਰੀ)

  • ਕਰੁੱਪ ਇੱਕ ਵਾਇਰਲ ਇਨਫੈਕਸ਼ਨ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਵਾਇਰਸ ਵੌਇਸ ਬਾਕਸ (ਲੈਰੀਨਕਸ) ਅਤੇ ਸਾਹ ਦੀ ਨਾਲੀ (ਟ੍ਰੈਕੀਆ) ਦੀ ਸੋਜਿਸ਼ ਵਧਾਉਂਦਾ ਹੈ। ਇਹ ਸੋਜ ਸਾਹ ਨਾਲੀ ਨੂੰ ਤੰਗ ਕਰ ਦਿੰਦੀ ਹੈ, ਇਸ ਲਈ ਸਾਹ ਲੈਣਾ ਔਖਾ ਹੁੰਦਾ ਹੈ। ਜਿਨ੍ਹਾਂ ਬੱਚਿਆਂ ਨੂੰ ਕਰੁੱਪ ਹੁੰਦਾ ਹੈ ਉਨ੍ਹਾਂ ਨੂੰ ਖ਼ੜਰ੍ਰ੍ੜੀ, ਕੁੱਤੇ ਖੰਘ ਹੋ ਜਾਂਦੀ ਹੈ ਅਤੇ ਜਦੋਂ ਉਹ ਸਾਹ ਲੈਂਦੇ ਹਨ ਤਾਂ ਉਹ ਬਹੁਤ ਜ਼ਿਆਦਾ ਉੱਚੀ ਤੀਬਰਤਾ ਵਾਲੀ ਆਵਾਜ਼ (ਸਟ੍ਰਿਡੋਰ) ਕੱਢ ਸਕਦੇ ਹਨ।

    ਕਰੁੱਪ ਜ਼ਿਆਦਾਤਰ ਛੇ ਮਹੀਨਿਆਂ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਹ ਵੱਡੀ ਉਮਰ ਦੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਕੁੱਝ ਬੱਚਿਆਂ ਨੂੰ ਕਈ ਵਾਰ ਕਰੁੱਪ ਹੁੰਦੀ ਹੈ।

    ਕਰੁੱਪ ਜਲਦੀ ਵਿਗੜ ਸਕਦੀ ਹੈ। ਜੇਕਰ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।

    ਕਰੁੱਪ ਦੀਆਂ ਨਿਸ਼ਾਨੀਆਂ ਅਤੇ ਲੱਛਣ (Signs and symptoms of croup)

    • ਕਰੁੱਪ ਆਮ ਤੌਰ 'ਤੇ ਆਮ ਜ਼ੁਕਾਮ ਵਾਂਗ ਸ਼ੁਰੂ ਹੁੰਦੀ ਹੈ, ਜਿਵੇਂ ਕਿ ਬੁਖ਼ਾਰ, ਵਗਦਾ ਨੱਕ ਅਤੇ ਖੰਘ।
    • ਤੁਹਾਡੇ ਬੱਚੇ ਦੀ ਖੰਘ ਖ਼ੜਰ੍ਰ੍ੜੀ, ਕੁੱਤੇ ਖੰਘ ਵਿੱਚ ਬਦਲ ਜਾਵੇਗੀ, ਅਤੇ ਸੀਲ (ਸਮੁੰਦਰੀ ਜਾਨਵਰ) ਵਰਗੀ ਆਵਾਜ਼ ਆ ਸਕਦੀ ਹੈ।
    • ਤੁਹਾਡੇ ਬੱਚੇ ਦੀ ਆਵਾਜ਼ ਘੱਗੀ ਹੋ ਸਕਦੀ ਹੈ।
    • ਜਦੋਂ ਤੁਹਾਡਾ ਬੱਚਾ ਸਾਹ ਲੈਂਦਾ ਹੈ, ਤਾਂ ਉਹ ਚੀਂ ਚੀਂ ਕਰਨ ਵਾਲੀ, ਉੱਚੀ ਤੀਬਰਤਾ ਵਾਲੀ ਆਵਾਜ਼ ਕਰ ਸਕਦਾ ਹੈ, ਜਿਸਨੂੰ ਖ਼ਰਖ਼ਰ (ਸਟ੍ਰਿਡੋਰ) ਕਿਹਾ ਜਾਂਦਾ ਹੈ।
    • ਕਰੁੱਪ ਦੇ ਗੰਭੀਰ ਮਾਮਲਿਆਂ ਵਿੱਚ, ਬੱਚੇ ਦੀਆਂ ਪਸਲੀਆਂ ਦੇ ਵਿਚਕਾਰ ਜਾਂ ਗਰਦਨ ਦੇ ਹੇਠਾਂ ਦੀ ਚਮੜੀ ਸਾਹ ਲੈਣ ਵੇਲੇ ਅੰਦਰ ਨੂੰ ਖਿੱਚੀ ਜਾ ਸਕਦੀ ਹੈ, ਅਤੇ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।

    ਕਰੁੱਪ ਅਕਸਰ ਅੱਧੀ ਰਾਤ ਨੂੰ ਬਿਨਾਂ ਚੇਤਾਵਨੀ ਦੇ ਸ਼ੁਰੂ ਹੁੰਦੀ ਹੈ। ਲੱਛਣ ਅਕਸਰ ਰਾਤ ਨੂੰ ਬਦਤਰ ਹੁੰਦੇ ਹਨ, ਅਤੇ ਬਿਮਾਰੀ ਦੀ ਦੂਜੀ ਜਾਂ ਤੀਜੀ ਰਾਤ ਨੂੰ ਸਭ ਤੋਂ ਮਾੜੇ ਹੁੰਦੇ ਹਨ। ਕਰੁੱਪ ਦੇ ਨਿਸ਼ਾਨੀਆਂ ਅਤੇ ਲੱਛਣ ਤਿੰਨ ਤੋਂ ਚਾਰ ਦਿਨਾਂ ਤੱਕ ਰਹਿ ਸਕਦੇ ਹਨ; ਹਾਲਾਂਕਿ, ਖੰਘ ਤਿੰਨ ਹਫ਼ਤਿਆਂ ਤੱਕ ਰਹਿ ਸਕਦੀ ਹੈ। ਸਟ੍ਰਿਡੋਰ (ਖ਼ਰਖ਼ਰ) ਹੋਣੀ ਜਾਰੀ ਨਹੀਂ ਰਹਿਣੀ ਚਾਹੀਦੀ ਹੈ।

    ਘਰ ਵਿੱਚ ਦੇਖਭਾਲ (Care at home)

    ਕਰੁੱਪ ਦਾ ਹਲਕਾ ਹਮਲਾ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਬੱਚੇ ਨੂੰ ਖ਼ੜਰ੍ਰ੍ੜੀ, ਕੁੱਤੇ ਖੰਘ ਹੁੰਦੀ ਹੈ ਪਰ ਜਦੋਂ ਉਹ ਸ਼ਾਂਤ ਅਤੇ ਟਿੱਕੇ ਹੋਏ ਹੁੰਦੇ ਹਨ, ਅਤੇ ਸਾਹ ਲੈਣ ਵਿੱਚ ਮੁਸ਼ਕਲ ਨਹੀਂ ਹੁੰਦੀ ਹੈ ਅਤੇ ਉਸਨੂੰ ਖ਼ਰਖ਼ਰ (ਸਟ੍ਰਿਡੋਰ) ਨਹੀਂ ਹੁੰਦੀ ਹੈ। ਹਲਕੀ ਕਰੁੱਪ, ਜਾਂ ਜਿਸ ਵਾਇਰਸ ਕਾਰਨ ਇਹ ਹੋਇਆ ਹੈ, ਉਸ ਲਈ ਕੋਈ ਡਾਕਟਰੀ ਇਲਾਜ ਜ਼ਰੂਰੀ ਨਹੀਂ ਹੈ। ਤੁਸੀਂ ਆਮ ਤੌਰ 'ਤੇ ਹੇਠਾਂ ਦਿੱਤੀ ਦੇਖਭਾਲ ਨਾਲ ਘਰ ਵਿੱਚ ਹਲਕੀ ਕਰੁੱਪ ਨਾਲ ਨਜਿੱਠ ਸਕਦੇ ਹੋ:

    • ਆਪਣੇ ਬੱਚੇ ਨੂੰ ਸ਼ਾਂਤ ਰੱਖੋ, ਕਿਉਂਕਿ ਪ੍ਰੇਸ਼ਾਨ ਹੋਣ 'ਤੇ ਸਾਹ ਲੈਣਾ ਵਧੇਰੇ ਔਖਾ ਹੁੰਦਾ ਹੈ - ਜਿੰਨਾ ਜ਼ਿਆਦਾ ਬੱਚਾ ਪ੍ਰੇਸ਼ਾਨ ਹੁੰਦਾ ਹੈ, ਉਸਦੇ ਲੱਛਣ ਓਨੇ ਹੀ ਵਿਗੜ ਸਕਦੇ ਹਨ। ਚੁੱਪਚਾਪ ਬੈਠਣ, ਕਿਤਾਬ ਪੜ੍ਹਨ ਜਾਂ ਟੀਵੀ ਦੇਖਣ ਦੀ ਕੋਸ਼ਿਸ਼ ਕਰੋ।
    • ਜੇਕਰ ਤੁਹਾਡੇ ਬੱਚੇ ਨੂੰ ਬੁਖ਼ਾਰ ਹੈ ਅਤੇ ਉਹ ਚਿੜਚਿੜਾ ਹੈ, ਤਾਂ ਤੁਸੀਂ ਉਸਨੂੰ ਪੈਰਾਸੀਟਾਮੋਲ ਜਾਂ ਬਿਊਪਰੋਫ਼ੈਨ ਦੇ ਸਕਦੇ ਹੋ। ਸਾਡੀ ਤੱਥ ਸ਼ੀਟ ਬੱਚਿਆਂ ਲਈ ਦਰਦ ਤੋਂ ਰਾਹਤ ਲਈ ਦੇਖੋ। Pain relief for children.
    • ਕਰੁੱਪ ਅਕਸਰ ਰਾਤ ਨੂੰ ਬਦਤਰ ਹੋ ਜਾਂਦੀ ਹੈ। ਬਹੁਤ ਸਾਰੇ ਬੱਚੇ ਵਧੇਰੇ ਸ਼ਾਂਤ ਹੋਣਗੇ ਜੇਕਰ ਕੋਈ ਉਨ੍ਹਾਂ ਦੇ ਨਾਲ ਰਹੇਗਾ।

    ਭਾਫ਼ ਅਤੇ ਹਿਊਮਿਡੀਫਾਇਰ ਹੁਣ ਇਲਾਜ ਦੇ ਤੌਰ 'ਤੇ ਸਿਫ਼ਾਰਸ਼ ਨਹੀਂ ਕੀਤੇ ਜਾਂਦੇ ਹਨ। ਇਹ ਸੁਝਾਅ ਦੇਣ ਲਈ ਕੋਈ ਸਬੂਤ ਨਹੀਂ ਹੈ ਕਿ ਉਹ ਲਾਭਦਾਇਕ ਹਨ।

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਤੁਹਾਨੂੰ ਤੁਰੰਤ ਐਂਬੂਲੈਂਸ ਕਾਲ ਕਰਨੀ ਚਾਹੀਦੀ ਹੈ ਜੇ:

    • ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ
    • ਤੁਹਾਡਾ ਬੱਚਾ ਬਹੁਤ ਬਿਮਾਰ ਲੱਗਦਾ ਹੈ ਅਤੇ ਪੀਲਾ ਅਤੇ ਸੁਸਤ ਹੋ ਜਾਂਦਾ ਹੈ
    • ਤੁਹਾਡੇ ਬੱਚੇ ਦੇ ਬੁੱਲ੍ਹ ਨੀਲੇ ਹਨ
    • ਤੁਹਾਡਾ ਬੱਚਾ ਲਾਰ ਸੁੱਟਣੀ ਸ਼ੁਰੂ ਕਰ ਦਿੰਦਾ ਹੈ ਜਾਂ ਕੁੱਝ ਵੀ ਅੰਦਰ ਨਹੀਂ ਲੰਘਾ ਸਕਦਾ।

    ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਜੇ:

    • ਤੁਹਾਡੇ ਬੱਚੇ ਦੀ ਉਮਰ ਛੇ ਮਹੀਨਿਆਂ ਤੋਂ ਘੱਟ ਹੈ ਅਤੇ ਉਸ ਵਿੱਚ ਕਰੁੱਪ ਦੀਆਂ ਨਿਸ਼ਾਨੀਆਂ ਅਤੇ ਲੱਛਣ ਹਨ
    • ਤੁਹਾਡੇ ਬੱਚੇ ਦੀ ਛਾਤੀ ਦੀ ਹੱਡੀ ਜਾਂ ਉਸ ਦੀਆਂ ਪਸਲੀਆਂ ਦੇ ਵਿਚਕਾਰ ਦੀ ਚਮੜੀ ਜਦੋਂ ਉਹ ਸਾਹ ਲੈਂਦੇ ਹਨ ਤਾਂ ਅੰਦਰ ਨੂੰ ਖਿੱਚੀ ਜਾਂਦੀ ਹੈ
    • ਤੁਹਾਡੇ ਬੱਚੇ ਨੂੰ ਆਰਾਮ ਕਰਨ ਵੇਲੇ ਖ਼ਰਖ਼ਰ (ਸਟ੍ਰਿਡੋਰ) ਹੁੰਦੀ ਹੈ
    • ਤੁਹਾਡਾ ਬੱਚਾ ਬਹੁਤ ਪ੍ਰੇਸ਼ਾਨ ਹੈ ਜਾਂ ਉਸਦੇ ਲੱਛਣ ਵਿਗੜ ਰਹੇ ਹਨ /li>
    • ਤੁਸੀਂ ਕਿਸੇ ਹੋਰ ਕਾਰਨ ਕਰਕੇ ਚਿੰਤਤ ਹੋ।

    ਜੇ ਤੁਹਾਡੇ ਬੱਚੇ ਨੂੰ ਹਲਕੀ ਕਰੁੱਪ ਹੈ ਜੋ ਚਾਰ ਦਿਨਾਂ ਤੋਂ ਵੱਧ ਰਹਿੰਦੀ ਹੈ, ਜਾਂ ਜੇ ਤੁਹਾਡੇ ਬੱਚੇ ਦੇ ਕਰੁੱਪ ਤੋਂ ਠੀਕ ਹੋਣ ਤੋਂ ਬਾਅਦ ਖ਼ਰਖ਼ਰ (ਸਟ੍ਰਿਡੋਰ) ਵਾਪਸ ਆ ਜਾਂਦੀ ਹੈ, ਤਾਂ ਉਹਨਾਂ ਨੂੰ ਡਾਕਟਰ ਕੋਲ ਲੈ ਜਾਓ।

    ਤੁਹਾਡਾ ਡਾਕਟਰ ਮੂੰਹ ਰਾਹੀਂ ਲੈਣ ਵਾਲੇ ਸਟੀਰੌਇਡ (ਜਿਵੇਂ ਕਿ ਪ੍ਰਡਨੀਸੋਲੋਨ ਜਾਂ ਡੈਕਸਮੇਥਾਸੋਨ) ਲਿਖ ਸਕਦਾ ਹੈ। ਸਟੀਰੌਇਡ ਸਾਹ ਨਾਲੀ ਵਿੱਚ ਸੋਜ ਨੂੰ ਘਟਾਉਣ ਵਿੱਚ ਮੱਦਦ ਕਰਦੇ ਹਨ, ਜਿਸ ਨਾਲ ਸਾਹ ਲੈਣਾ ਆਸਾਨ ਹੋ ਜਾਵੇਗਾ। ਐਂਟੀਬਾਇਓਟਿਕਸ ਵਾਇਰਸਾਂ 'ਤੇ ਕੰਮ ਨਹੀਂ ਕਰਦੇ ਹਨ ਅਤੇ ਕਰੁੱਪ ਵਾਲੇ ਬੱਚਿਆਂ ਨੂੰ ਨਹੀਂ ਦਿੱਤੇ ਜਾਂਦੇ ਹਨ।

    ਜੇਕਰ ਤੁਹਾਡੇ ਬੱਚੇ ਨੂੰ ਗੰਭੀਰ ਕਰੁੱਪ ਹੈ, ਤਾਂ ਉਹਨਾਂ ਨੂੰ ਹਸਪਤਾਲ ਵਿੱਚ ਰਹਿਣ ਦੀ ਲੋੜ ਹੋਵੇਗੀ, ਜਿੱਥੇ ਉਹਨਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ।

    ਕਰੁੱਪ ਕਿਵੇਂ ਫ਼ੈਲਦੀ ਹੈ? (How is croup spread?)

    ਹਾਲਾਂਕਿ ਵਾਇਰਸ ਦੁਆਰਾ ਲਾਗ ਗ੍ਰਸਤ ਹੋਣ 'ਤੇ ਸਾਰੇ ਬੱਚਿਆਂ ਨੂੰ ਕਰੁੱਪ ਨਹੀਂ ਹੁੰਦੀ ਹੈ, ਪਰ ਕਰੁੱਪ ਦਾ ਕਾਰਨ ਬਣਿਆ ਵਾਇਰਸ ਖੰਘਣ ਅਤੇ ਛਿੱਕਣ ਦੁਆਰਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਆਸਾਨੀ ਨਾਲ ਫ਼ੈਲ ਸਕਦਾ ਹੈ। ਜੇਕਰ ਤੁਹਾਡੇ ਬੱਚੇ ਨੂੰ ਕਰੁੱਪ ਹੈ, ਤਾਂ ਤੁਹਾਨੂੰ ਉਹਨਾਂ ਨੂੰ ਸਕੂਲ ਅਤੇ ਬੱਚਿਆਂ ਦੀ ਦੇਖਭਾਲ ਸੇਵਾ ਤੋਂ ਦੂਰ ਰੱਖਣਾ ਚਾਹੀਦਾ ਹੈ ਜਿਨ੍ਹਾਂ ਚਿਰ ਉਹ ਬਿਮਾਰ ਹਨ ਤਾਂ ਜੋ ਉਹ ਵਾਇਰਸ ਨਾ ਫ਼ੈਲਾ ਸਕਣ ਜੋ ਕਰੁੱਪ ਦਾ ਕਾਰਨ ਬਣ ਰਿਹਾ ਹੈ। ਨਿਯਮਿਤ ਤੌਰ 'ਤੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਵਾਇਰਸ ਫ਼ੈਲਣ ਤੋਂ ਰੋਕਣ ਵਿੱਚ ਮੱਦਦ ਕਰ ਸਕਦਾ ਹੈ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਹਲਕੀ ਕਰੁੱਪ, ਜਾਂ ਜਿਸ ਵਾਇਰਸ ਕਾਰਨ ਇਹ ਹੋਇਆ ਹੈ, ਉਸ ਲਈ ਕੋਈ ਡਾਕਟਰੀ ਇਲਾਜ ਜ਼ਰੂਰੀ ਨਹੀਂ ਹੈ।
    • ਕਰੁੱਪ ਆਮ ਤੌਰ 'ਤੇ ਤਿੰਨ ਤੋਂ ਚਾਰ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ।
    • ਆਪਣੇ ਬੱਚੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਦੋਂ ਤੁਹਾਡਾ ਬੱਚਾ ਪਰੇਸ਼ਾਨ ਹੁੰਦਾ ਹੈ ਤਾਂ ਸਾਹ ਲੈਣਾ ਵੱਧ ਮੁਸ਼ਕਲ ਹੁੰਦਾ ਹੈ।
    • ਕਰੁੱਪ ਜਲਦੀ ਵਿਗੜ ਸਕਦੀ ਹੈ। ਜੇਕਰ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
    • ਕਰੁੱਪ ਦੇ ਗੰਭੀਰ ਹਮਲੇ ਵਿੱਚ, ਤੁਹਾਡੇ ਬੱਚੇ ਨੂੰ ਹਸਪਤਾਲ ਵਿੱਚ ਨੇੜਿਓਂ ਦੇਖਣ ਦੀ ਲੋੜ ਹੁੰਦੀ ਹੈ।

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਕੀ ਮੈਨੂੰ ਕਰੁੱਪ ਦੇ ਇਲਾਜ ਲਈ ਭਾਫ਼ ਦੀ ਵਰਤੋਂ ਕਰਨੀ ਚਾਹੀਦੀ ਹੈ?

    ਨਹੀਂ। ਅਤੀਤ ਵਿੱਚ, ਕੁੱਝ ਡਾਕਟਰਾਂ ਨੇ ਵਾਸ਼ਪ ਜਾਂ ਭਾਫ਼ ਥੈਰੇਪੀ ਦੇ ਸੰਪਰਕ ਵਿੱਚ ਆਉਣ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਵਿੱਚ ਵੈਪੋਰਾਈਜ਼ਰ ਦੀ ਵਰਤੋਂ ਸ਼ਾਮਲ ਹੈ। ਹੁਣ ਖੋਜ ਸਬੂਤ ਇਹ ਦਿਖਾਉਂਦੇ ਹਨ ਕਿ ਇਸਦਾ ਕੋਈ ਲਾਭ ਨਹੀਂ ਹੈ ਅਤੇ ਇਸਦੀ ਹੁਣ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ।


    ਦ ਰਾਇਲ ਚਿਲਡਰਨਜ਼ ਹਸਪਤਾਲ ਜਨਰਲ ਮੈਡੀਸਨ ਅਤੇ ਰੈਸਪੀਰੇਟਰੀ ਅਤੇ ਸਲੀਪ ਮੈਡੀਸਨ ਵਿਭਾਗ ਅਤੇ ਕਮਿਊਨਿਟੀ ਚਾਈਲਡ ਹੈਲਥ ਲਈ ਕੇਂਦਰ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਅਗਸਤ 2023 ਵਿੱਚ ਸਮੀਖਿਆ ਕੀਤੀ ਗਈ

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।