Constipation (Punjabi) – ਕਬਜ਼

  • ਕਬਜ਼ ਉਦੋਂ ਹੁੰਦੀ ਹੈ ਜਦੋਂ ਬੱਚੇ ਨੂੰ ਸਖ਼ਤ ਟੱਟੀ (ਮਲ ਜਾਂ ਪੇਟ ਸਾਫ਼) ਆਉਂਦੀ ਹੈ ਅਤੇ/ਜਾਂ ਨਿਯਮਿਤ ਤੌਰ 'ਤੇ ਟਾਇਲਟ ਨਹੀਂ ਜਾਂਦਾ ਹੈ। ਬੱਚਿਆਂ ਵਿੱਚ ਆਮ ਤੌਰ 'ਤੇ ਆਉਣ ਵਾਲੀ ਟੱਟੀ ਦੀ ਕਠੋਰਤਾ ਅਤੇ ਕਿੰਨ੍ਹੇ ਵਾਰ ਜਾਣ ਦੇ ਸਮਿਆਂ ਵਿੱਚ ਬਹੁਤ ਅੰਤਰ ਹੁੰਦਾ ਹੈ।

    • ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਹਰੇਕ ਵਾਰ ਦੁੱਧ ਪੀਣ ਤੋਂ ਬਾਅਦ ਟੱਟੀ ਆ ਸਕਦੀ ਹੈ, ਜਾਂ ਹਰ ਹਫ਼ਤੇ ਸਿਰਫ਼ ਇੱਕ ਟੱਟੀ ਆ ਸਕਦੀ ਹੈ।
    • ਬੋਤਲ ਨਾਲ ਦੁੱਧ ਪੀਣ ਵਾਲੇ ਬੱਚਿਆਂ ਅਤੇ ਵੱਡੀ ਉਮਰ ਦੇ ਬੱਚਿਆਂ ਨੂੰ ਆਮ ਤੌਰ 'ਤੇ ਘੱਟੋ-ਘੱਟ ਹਰ ਇੱਕ ਤੋਂ ਤਿੰਨ ਦਿਨਾਂ ਵਿੱਚ ਟੱਟੀ ਆਵੇਗੀ।

    ਬੱਚਿਆਂ ਵਿੱਚ ਕਬਜ਼ ਇੱਕ ਆਮ ਸਮੱਸਿਆ ਹੈ, ਖ਼ਾਸ ਤੌਰ 'ਤੇ ਟਾਇਲਟ ਦੀ ਸਿਖਲਾਈ ਦੇ ਸਮੇਂ ਜਾਂ ਠੋਸ ਭੋਜਨ ਖਾਣਾ ਸ਼ੁਰੂ ਕਰਨ ਦੇ ਸਮੇਂ ਦੇ ਆਸ-ਪਾਸ। ਬੱਚੇ ਨੂੰ ਦਰਦ ਭਰੀ ਜਾਂ ਡਰਾਉਣੇ ਤਰੀਕੇ ਨਾਲ ਟੱਟੀ ਆਉਣ ਤੋਂ ਬਾਅਦ ਵੀ ਇਹ ਇੱਕ ਸਮੱਸਿਆ ਬਣ ਸਕਦੀ ਹੈ।

    ਕਬਜ਼ ਦੀਆਂ ਨਿਸ਼ਾਨੀਆਂ ਅਤੇ ਲੱਛਣ (Signs and symptoms of constipation)

    ਕਬਜ਼ ਇਨ੍ਹਾਂ ਦਾ ਕਾਰਨ ਬਣ ਸਕਦੀ ਹੈ:

    • ਪੇਟ ਦੇ ਕੜਵੱਲਾਂ ਦਾ (ਦਰਦ ਆਉਂਦਾ-ਜਾਂਦਾ ਰਹਿੰਦਾ ਹੈ)
    • ਤੁਹਾਡੇ ਬੱਚੇ ਨੂੰ ਆਮ ਨਾਲੋਂ ਘੱਟ ਭੁੱਖ ਲੱਗਣ ਦਾ
    • ਚਿੜਚਿੜੇ ਵਿਵਹਾਰ ਦਾ
    • ਗੁਦੇ ਵਿੱਚ ਚੀਰ (ਗੁਦਾ ਦੇ ਆਲੇ ਦੁਆਲੇ ਚਮੜੀ ਵਿੱਚ ਛੋਟੀਆਂ-ਛੋਟੀਆਂ ਤਰੇੜਾਂ) ਆ ਸਕਦੇ ਹਨ ਜੋ ਟੱਟੀ ਕਰਦੇ ਸਮੇਂ ਦਰਦ ਅਤੇ ਖ਼ੂਨ ਵਗਣ ਦਾ ਕਾਰਨ ਬਣ ਸਕਦੀਆਂ ਹਨ - ਇਹ ਵੱਡੀ,ਸਖ਼ਤ ਟੱਟੀ ਦੇ ਲੰਘਣ ਕਾਰਨ ਦਬਾਅ ਪੈਣ ਕਾਰਨ ਹੋ ਸਕਦੀਆਂ ਹਨ।
    • ਟੱਟੀ ਨੂੰ ਪੇਟ ਵਿੱਚੇ ਰੱਖਣ ਵਾਲੇ ਵਿਵਹਾਰ, ਜਿਵੇਂ ਕਿ ਸਿਮਟ ਕੇ ਬੈਠਣਾ, ਲੱਤਾਂ ਨੂੰ ਇੱਕ-ਦੂਜੇ ਉੱਪਰ ਰੱਖਣਾ ਜਾਂ ਟਾਇਲਟ 'ਤੇ ਬੈਠਣ ਤੋਂ ਮਨ੍ਹਾ ਕਰਨਾ ਹੋ ਸਕਦਾ ਹੈ।

    ਜੇ ਤੁਹਾਡੇ ਬੱਚੇ ਨੂੰ ਕਬਜ਼ ਹੈ, ਤਾਂ ਉਹ ਆਮ ਨਾਲੋਂ ਜ਼ਿਆਦਾ ਫੁੱਲਿਆ ਹੋਇਆ ਦਿਖਾਈ ਦੇ ਸਕਦਾ ਹੈ, ਅਤੇ ਜੇ ਤੁਸੀਂ ਉਸ ਦੇ ਪੇਟ 'ਤੇ ਹੌਲੀ-ਹੌਲੀ ਦਬਾਉਂਦੇ ਹੋ ਤਾਂ ਤੁਸੀਂ ਟੱਟੀ ਦੀਆਂ ਸਖ਼ਤ ਗੰਢਾਂ ਨੂੰ ਵੀ ਮਹਿਸੂਸ ਕਰ ਸਕਦੇ ਹੋ।

    ਲੰਬੇ ਸਮੇਂ ਦੀ ਕਬਜ਼ ਕਾਰਨ ਤੁਹਾਡਾ ਬੱਚਾ ਆਪਣੇ ਆਪ ਨੂੰ ਗੰਦਾ ਕਰ ਸਕਦਾ ਹੈ (ਉਨ੍ਹਾਂ ਦੀ ਪੈਂਟ ਵਿੱਚ ਟੱਟੀ ਕਰਨਾ ਜਾਂ ਵੱਡੇ ਧੱਬੇ ਲੱਗਣਾ)। ਅਜਿਹਾ ਉਦੋਂ ਹੁੰਦਾ ਹੈ ਜੇਕਰ ਤੁਹਾਡੇ ਬੱਚੇ ਦਾ ਗੁਦਾ (ਬੌਟਮ) ਲੰਬੇ ਸਮੇਂ ਤੱਕ ਟੱਟੀ ਨਾਲ ਭਰਿਆ ਰਹਿੰਦਾ ਹੈ ਅਤੇ ਇਹ ਖਿੱਚਿਆ ਜਾਂਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਟਾਇਲਟ ਜਾਣ ਦੀ ਇੱਛਾ ਨਾ ਹੋਵੇ ਕਿਉਂਕਿ ਗੁਦਾ ਹਮੇਸ਼ਾ ਖਿੱਚਿਆ ਹੋਇਆ ਮਹਿਸੂਸ ਹੁੰਦਾ ਹੈ। ਟੱਟੀ ਫਿਰ ਤੁਹਾਡੇ ਬੱਚੇ ਨੂੰ ਬਗ਼ੈਰ ਮਹਿਸੂਸ ਹੋ ਉਹਨਾਂ ਦੀ ਕੱਛੀ ਵਿੱਚ ਨਿੱਕਲ ਸਕਦੀ ਹੈ। ਡਾਕਟਰੀ ਤੌਰ 'ਤੇ, ਟੱਟੀ ਨਿੱਕਲਣ ਨੂੰ 'ਐਨਕੋਪ੍ਰੇਸਿਸ' ਜਾਂ 'ਫੇਕਲ ਇਨਕੰਟੀਨੈਂਸ' ਕਿਹਾ ਜਾਂਦਾ ਹੈ।

    ਕਬਜ਼ ਹੋਣ ਦਾ ਕੀ ਕਾਰਨ ਹੈ? (What causes constipation?)

    ਬੱਚਿਆਂ ਵਿੱਚ ਕਬਜ਼ ਹੋਣ ਦੇ ਜ਼ਿਆਦਾਤਰ ਮਾਮਲਿਆਂ ਵਿੱਚ, ਕੋਈ ਗੰਭੀਰ ਕਾਰਨ ਨਹੀਂ ਪਤਾ ਹੈ। ਕੁੱਝ ਸੰਭਵ ਕਾਰਨਾਂ ਵਿੱਚ ਸ਼ਾਮਲ ਹਨ:

    • ਕੁਦਰਤੀ ਸੁਭਾਅ - ਕੁੱਝ ਬੱਚਿਆਂ ਵਿੱਚ ਪੇਟ ਸਾਫ਼ ਹੋਣ ਦੀ ਗਤੀ ਹੌਲੀ ਹੁੰਦੀ ਹੈ, ਜਿਸ ਕਾਰਨ ਕਬਜ਼ ਹੁੰਦੀ ਹੈ।
    • ਪੇਟ ਸਾਫ਼ ਕਰਨ ਦੀਆਂ ਆਦਤਾਂ - ਜਿਵੇਂ ਕਿ ਟੱਟੀ ਕਰਨ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰਨਾ। ਬਹੁਤ ਸਾਰੇ ਛੋਟੇ ਬੱਚੇ ਖੇਡਣ ਵਿੱਚ ਬਹੁਤ ਰੁੱਝੇ ਹੋਏ ਹੁੰਦੇ ਹਨ ਅਤੇ ਟਾਇਲਟ ਜਾਣਾ ਬੰਦ ਕਰ ਦਿੰਦੇ ਹਨ। ਇਹ ਟੱਟੀ ਫਿਰ ਸਖ਼ਤ ਅਤੇ ਵੱਡੀ ਹੋ ਜਾਂਦੀ ਹੈ। ਟਾਇਲਟ ਦਾ ਸਮਾਂ ਦਿਨ ਵਿੱਚ ਤਿੰਨ ਵਾਰ, ਹਰ ਰੋਜ਼, ਟਾਇਲਟ ਵਿੱਚ ਨਿਯਮਤ, ਬਗ਼ੈਰ ਰੁਕਾਵਟ ਦੇ ਜਾਣ ਦੇਣ ਲਈ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ।
    • ਜਮ੍ਹਾ ਰੱਖਣ ਦਾ ਵਿਵਹਾਰ - ਬੱਚਾ ਦਰਦ ਭਰੇ ਜਾਂ ਡਰਾਉਣੇ ਅਨੁਭਵ ਤੋਂ ਬਾਅਦ 'ਟੱਟੀ ਅੰਦਰ ਜਮ੍ਹਾ ਰੱਖਣਾ' ਸ਼ੁਰੂ ਕਰ ਸਕਦਾ ਹੈ, ਜਿਵੇਂ ਕਿ ਗੁਦਾ ਵਿੱਚ ਚੀਰ ਪੈਣ 'ਤੇ ਸਖ਼ਤ ਟੱਟੀ ਕਰਨਾ। ਟੱਟੀ ਅੰਦਰ ਜਮ੍ਹਾ ਰੱਖਣ ਨਾਲ ਟੱਟੀ ਹੋਰ ਸਖ਼ਤ ਹੋ ਜਾਂਦੀ ਹੈ, ਅਤੇ ਅਗਲੀ ਵਾਰ ਟੱਟੀ ਜਾਣ ਨੂੰ ਹੋਰ ਵੀ ਦਰਦ ਭਰਿਆ ਬਣਾਉਂਦਾ ਹੈ।
    • ਟਾਇਲਟ ਜਾਣ ਦੇ ਮਾਹੌਲ ਵਿੱਚ ਤਬਦੀਲੀ - ਜਿਵੇਂ ਕਿ ਸਕੂਲ ਦੇ ਨਵੇਂ ਜਾਂ ਅਣਚਾਹੇ ਪਖਾਨੇ, ਜਾਂ ਜਦੋਂ ਉਹ ਜਾਣ ਦੀ ਇੱਛਾ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਰੋਕੀ ਰੱਖਣ ਲਈ ਕਿਹਾ ਜਾਂਦਾ ਹੈ (ਆਮ ਤੌਰ 'ਤੇ ਸਕੂਲ ਵਿੱਚ)।
    • ਖ਼ੁਰਾਕ - ਪ੍ਰੋਸੈਸਡ ਫੂਡ ਦੀ ਜ਼ਿਆਦਾ ਮਾਤਰਾ ਅਤੇ ਤਾਜ਼ੇ ਫ਼ਲ ਅਤੇ ਸਬਜ਼ੀਆਂ ਦੀ ਘੱਟ ਮਾਤਰਾ ਕਬਜ਼ ਦਾ ਕਾਰਨ ਬਣ ਸਕਦੀ ਹੈ। ਜਿਹੜੇ ਬੱਚੇ ਹਰ ਰੋਜ਼ ਵੱਡੀ ਮਾਤਰਾ ਵਿੱਚ ਗਾਂ ਦਾ ਦੁੱਧ ਪੀਂਦੇ ਹਨ, ਉਨ੍ਹਾਂ ਨੂੰ ਵੀ ਕਬਜ਼ ਹੋ ਸਕਦੀ ਹੈ।
    • ਬਿਮਾਰੀ - ਬਹੁਤ ਘੱਟ ਬੱਚਿਆਂ ਵਿੱਚ, ਅੰਤੜੀ ਦੇ ਕੁੱਝ ਹਿੱਸਿਆਂ ਵਿੱਚ ਆਮ ਨਸਾਂ ਦੇ ਅੰਤ ਦੀ ਅਣਹੋਂਦ, ਰੀੜ੍ਹ ਦੀ ਹੱਡੀ ਦੇ ਨੁਕਸ, ਥਾਇਰਾਇਡ ਦੀ ਕਮੀ ਅਤੇ ਕੁੱਝ ਹੋਰ ਪਾਚਕ ਵਿਕਾਰ ਵਰਗੀਆਂ ਬਿਮਾਰੀਆਂ ਕਬਜ਼ ਦਾ ਕਾਰਨ ਬਣ ਸਕਦੀਆਂ ਹਨ। ਇਹ ਸਭ ਦੁਰਲੱਭ ਬਿਮਾਰੀਆਂ ਹਨ, ਪਰ ਤੁਹਾਡਾ ਡਾਕਟਰ ਉਹਨਾਂ ਲਈ ਤੁਹਾਡੇ ਬੱਚੇ ਦੀ ਜਾਂਚ ਕਰੇਗਾ।

    ਘਰ ਵਿੱਚ ਦੇਖਭਾਲ (Care at home)

    ਜੇਕਰ ਇਹ ਕੋਈ ਸਮੱਸਿਆ ਪੈਦਾ ਕਰ ਰਿਹਾ ਜਾਪਦਾ ਹੈ ਤਾਂ ਤੁਹਾਨੂੰ ਸਿਰਫ਼ ਆਪਣੇ ਬੱਚੇ ਦੀ ਟੱਟੀ ਦੀ ਕਠੋਰਤਾ ਜਾਂ ਕਿੰਨ੍ਹੇ ਵਾਰ ਜਾਣ ਦੇ ਸਮਿਆਂ ਬਾਰੇ ਚਿੰਤਾ ਕਰਨ ਦੀ ਲੋੜ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਤੁਸੀਂ ਆਪਣੇ ਬੱਚੇ ਦੀ ਕਬਜ਼ ਵਿੱਚ ਮੱਦਦ ਕਰਨ ਲਈ ਘਰ ਵਿੱਚ ਇਲਾਜ ਕਰ ਸਕਦੇ ਹੋ।

    ਸਿਹਤਮੰਦ ਟੱਟੀ ਕਰਨ ਸੰਬੰਧੀ ਦੀਆਂ ਆਦਤਾਂ (Healthy bowel habits)

    ਜੇਕਰ ਤੁਹਾਡੇ ਟਾਇਲਟ ਲਈ ਸਿਖਲਾਈ ਪ੍ਰਾਪਤ ਬੱਚੇ ਨੂੰ ਕਬਜ਼ ਹੈ, ਤਾਂ ਉਸ ਲਈ ਨਿਯਮਿਤ ਤੌਰ 'ਤੇ ਟਾਇਲਟ 'ਤੇ ਬੈਠਣ ਦੀ ਆਦਤ ਪਾਉਣਾ ਮਹੱਤਵਪੂਰਨ ਹੈ।

    • ਤੁਹਾਡੇ ਬੱਚੇ ਨੂੰ ਨਾਸ਼ਤੇ, ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਤੋਂ ਬਾਅਦ ਟਾਇਲਟ 'ਤੇ ਬੈਠਣਾ ਚਾਹੀਦਾ ਹੈ - ਭਾਵੇਂ ਉਹ ਜਾਣ ਦੀ ਇੱਛਾ ਮਹਿਸੂਸ ਨਾ ਕਰੇ। ਉਨ੍ਹਾਂ ਨੂੰ ਤਿੰਨ ਤੋਂ ਪੰਜ ਮਿੰਟ ਤੱਕ ਟਾਇਲਟ 'ਤੇ ਰਹਿਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਨੇ ਇਸਤੋਂ ਪਹਿਲਾਂ ਹੀ ਕੁੱਝ ਟੱਟੀ ਕਰ ਲਈ ਹੋਵੇ। ਰਸੋਈ ਵਾਲੇ ਟਾਈਮਰ ਦੀ ਵਰਤੋਂ ਕਰਨ ਨਾਲ ਇਸ ਬਾਰੇ ਬਹਿਸ ਤੋਂ ਬਚਿਆ ਜਾ ਸਕਦਾ ਹੈ ਕਿ ਉਹ ਕਿੰਨੇ ਸਮੇਂ ਤੋਂ ਬੈਠੇ ਹਨ।
    • ਉਤਸ਼ਾਹ ਅਤੇ ਉਮਰ-ਮੁਤਾਬਕ ਸਟਿੱਕਰ ਜਾਂ ਇਨਾਮ ਚਾਰਟ, ਜਾਂ ਹੋਰ ਰਚਨਾਤਮਕ ਵਿਕਲਪਾਂ ਨਾਲ ਚੰਗੇ ਵਿਵਹਾਰਾਂ (ਟਾਇਲਟ ਵਿੱਚ ਬੈਠਣ ਅਤੇ ਟੱਟੀ ਕਰਨ) ਨੂੰ ਮਜ਼ਬੂਤ ਕਰੋ। ਟਾਇਲਟ 'ਤੇ ਬੈਠਣ ਲਈ ਆਪਣੇ ਬੱਚੇ ਦੀ ਪ੍ਰਸ਼ੰਸਾ ਕਰੋ, ਭਾਵੇਂ ਉਹ ਟੱਟੀ ਨਹੀਂ ਵੀ ਕਰਦਾ।
    • ਆਪਣੇ ਬੱਚੇ ਨੂੰ ਟੱਟੀ ਕਰਨ ਲਈ ਉਹਨਾਂ ਦੇ ਸਰੀਰ ਦੀ ਇੱਛਾ ਦਾ ਜਵਾਬ ਦੇਣ ਲਈ ਉਤਸ਼ਾਹਿਤ ਕਰੋ।
    • ਯਕੀਨੀ ਬਣਾਓ ਕਿ ਤੁਹਾਡੇ ਬੱਚੇ ਕੋਲ ਬਾਲਗ ਆਕਾਰ ਦੇ ਟਾਇਲਟ ਦੀ ਵਰਤੋਂ ਕਰਨ ਲਈ ਸਹੀ ਉਪਕਰਨ ਹੈ। ਇਸ ਵਿੱਚ ਟਾਇਲਟ ਸੀਟ ਲਈ ਇੱਕ ਛੋਟੀ ਸ਼ੀਟ ਅਤੇ ਉਹਨਾਂ ਦੇ ਪੈਰਾਂ ਨੂੰ ਰੱਖਣ ਲਈ ਸਟੂਲ ਸ਼ਾਮਲ ਹੋ ਸਕਦਾ ਹੈ।

    ਡਰਾਉਣੇ ਜਾਂ ਦਰਦ ਭਰੇ ਸੰਬੰਧ ਨੂੰ ਹਟਾਓ (Remove frightening or painful associations)

    • ਬਹੁਤ ਸਾਰੇ ਛੋਟੇ ਬੱਚੇ ਚਿੰਤਤ ਹੁੰਦੇ ਹਨ ਕਿ ਉਹ ਟਾਇਲਟ ਵਿੱਚ ਡਿੱਗ ਸਕਦੇ ਹਨ। ਪੈਰਾਂ ਹੇਠ ਰੱਖਣ ਵਾਲਾ ਸਟੂਲ ਜਾਂ ਰੇਲਿੰਗ ਮੱਦਦ ਕਰ ਸਕਦੀ ਹੈ। ਟਾਇਲਟ ਵਿੱਚ ਇੱਕ ਮਨਪਸੰਦ ਕਿਤਾਬ ਹੋਣ ਨਾਲ ਉਹ ਬਿਹਤਰ ਮਹਿਸੂਸ ਕਰ ਸਕਦੇ ਹਨ।
    • ਤੁਸੀਂ ਇਹ ਪਤਾ ਕਰਨਾ ਚਾਹ ਸਕਦੇ ਹੋ ਕਿ ਕੀ ਤੁਹਾਡਾ ਬੱਚਾ ਸਕੂਲ, ਕਿੰਡਰਗਾਰਟਨ ਜਾਂ ਚਾਈਲਡ ਕੇਅਰ ਵਿੱਚ ਟਾਇਲਟ ਵਰਤਣ ਬਾਰੇ ਚਿੰਤਤ ਹੈ, ਅਤੇ ਇਹ ਦੇਖਣਾ ਚਾਹ ਸਕਦੇ ਹੋ ਕਿ ਕੀ ਮੱਦਦ ਲਈ ਕੁੱਝ ਕੀਤਾ ਜਾ ਸਕਦਾ ਹੈ।

    ਸਿਹਤਮੰਦ ਖ਼ੁਰਾਕ (A healthy diet)

    ਬੱਚਿਆਂ ਲਈ ਕਬਜ਼ ਦੇ ਇਲਾਜ ਵਿੱਚ ਖ਼ੁਰਾਕ ਬਾਲਗਾਂ ਲਈ ਘੱਟ ਮਹੱਤਵਪੂਰਨ ਹੈ, ਪਰ ਫਾਈਬਰ ਦੀ ਮਾਤਰਾ ਵਿੱਚ ਵਾਧਾ ਕੁੱਝ ਬੱਚਿਆਂ ਦੀ ਮੱਦਦ ਕਰ ਸਕਦਾ ਹੈ ਜਿਨ੍ਹਾਂ ਵਿੱਚ ਕਬਜ਼ ਹੋਣ ਦਾ ਕੁਦਰਤੀ ਸੁਭਾਅ ਹੈ। ਆਪਣੇ ਬੱਚੇ ਦੀ ਖ਼ੁਰਾਕ ਵਿੱਚ ਵਧੇਰੇ ਫਾਈਬਰ ਸ਼ਾਮਲ ਕਰਨ ਲਈ, ਤੁਸੀਂ ਹੇਠ ਲਿਖਿਆਂ ਨੂੰ ਅਜ਼ਮਾ ਸਕਦੇ ਹੋ:

    • ਹਰ ਰੋਜ਼ ਘੱਟੋ-ਘੱਟ ਦੋ ਫ਼ਲ ਪਰੋਸੇ - ਛਿਲਕੇ ਸਮੇਤ ਖਾਧੇ ਜਾਣ ਵਾਲੇ ਫ਼ਲ, ਜਿਵੇਂ ਕਿ ਆਲੂ ਬੁਖ਼ਾਰਾ, ਸੁੱਕਾ ਆਲੂ ਬੁਖ਼ਾਰਾ, ਦਾਖਾਂ, ਖੁਰਮਾਨੀ ਅਤੇ ਆੜੂ, ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ।
    • ਪ੍ਰੂਨ (ਸੁੱਕਾ ਆਲੂ ਬੁਖ਼ਾਰਾ) ਜੂਸ - ਇਹ ਇੱਕ ਹਲਕਾ, ਕੁਦਰਤੀ ਜੁਲਾਬ ਹੈ ਜੋ ਕੁੱਝ ਬੱਚਿਆਂ ਵਿੱਚ ਕੰਮ ਕਰਦਾ ਹੈ। ਜੇ ਕਿਸੇ ਹੋਰ ਜੂਸ, ਜਿਵੇਂ ਕਿ ਸੇਬ, ਖੁਰਮਾਨੀ ਜਾਂ ਕਰੈਨਬੇਰੀ ਦੇ ਜੂਸ ਨਾਲ ਮਿਲਾਇਆ ਜਾਵੇ ਤਾਂ ਪ੍ਰੂਨ ਜੂਸ ਦਾ ਸੁਆਦ ਵਧੀਆ ਹੋ ਸਕਦਾ ਹੈ। ਤੁਸੀਂ ਆਇਸੀ ਪੋਲ ਬਣਾਉਣ ਲਈ ਪ੍ਰੂਨ ਜੂਸ ਨੂੰ ਜਮਾ ਸਕਦੇ ਹੋ।
    • ਬੀਜ ਕੱਢੀ ਹੋਈ ਪ੍ਰੂਨ (ਆਲੂ ਬੁਖ਼ਾਰਾ) ਅਤੇ/ਜਾਂ ਖੁਰਮਾਨੀ ਦੀ ਵਰਤੋਂ ਛੋਟੀ ਉਮਰ ਦੇ ਬੱਚਿਆਂ ਵਿੱਚ ਕੀਤੀ ਜਾ ਸਕਦੀ ਹੈ ਜਿੱਥੇ ਹਾਲੇ ਤੱਕ ਜੂਸ ਨਹੀਂ ਦਿੱਤਾ ਗਿਆ ਹੈ। ਉਬਲਦੇ ਪਾਣੀ ਵਿੱਚ ਪ੍ਰੂਨਾਂ ਨੂੰ ਪਾਓ ਅਤੇ 10 ਮਿੰਟਾਂ ਤੱਕ ਭਿੱਜਣ ਦਿਓ। ਉਬਲਦੇ ਪਾਣੀ ਦਾ ਜ਼ਿਆਦਾਤਰ ਹਿੱਸਾ ਸੁੱਟ ਦਿਓ ਅਤੇ ਇਕਸਾਰਤਾ ਲਈ ਪਿਊਰੀ ਬਣਾ ਲਵੋ। ਇਸ ਪਿਊਰੀ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰੋ ਜਾਂ ਇਸੇ ਤਰ੍ਹਾਂ ਇਕੱਲਾ ਖਾ ਲਵੋ। ਹਰ ਰੋਜ਼ ਘੱਟੋ-ਘੱਟ ਤਿੰਨ ਵਾਰ ਸਬਜ਼ੀਆਂ ਪਰੋਸੋ।
    • ਉਹ ਅਨਾਜ ਵਰਤੋਂ ਜੋ ਘੱਟ ਪ੍ਰੋਸੈਸ ਕੀਤੇ ਹੁੰਦੇ ਹਨ, ਜਿਵੇਂ ਕਿ ਬਰੈਨ ਸੀਰੀਅਲ, ਕੱਟੇ ਹੋਏ ਕਣਕ, ਸਾਬਤ ਅਨਾਜ ਦੇ ਸੀਰੀਅਲ ਜਾਂ ਓਟਮੀਲ - ਰਿਫਾਈਨਡ ਸੀਰੀਅਲ, ਜਿਵੇਂ ਕਿ ਕੌਰਨ ਫਲੇਕਸ ਅਤੇ ਰਾਈਸ ਬਬਲਸ ਤੋਂ ਬਚੋ।
    • ਚਿੱਟੀ ਬਰੈੱਡ ਦੀ ਬਜਾਏ ਹੋਲਮੀਲ (ਸਾਬਤ ਅਨਾਜ਼ ਦੇ ਆਟੇ)/ਹੋਲਗ੍ਰੇਨ (ਸਾਬਤ ਅਨਾਜ਼) ਬਰੈੱਡ ਦੀ ਵਰਤੋਂ ਕਰੋ।

    ਜੇਕਰ ਤੁਹਾਡੇ ਬੱਚੇ ਦੀ ਉਮਰ 18 ਮਹੀਨਿਆਂ ਤੋਂ ਵੱਧ ਹੈ, ਤਾਂ ਗਾਂ ਦੇ ਦੁੱਧ ਦੀ ਮਾਤਰਾ ਵੱਧ ਤੋਂ ਵੱਧ 500 ਮਿਲੀਲੀਟਰ ਪ੍ਰਤੀ ਦਿਨ ਘਟਾਓ ਅਤੇ ਭੋਜਨ ਤੋਂ ਪਹਿਲਾਂ ਮਿੱਠੇ ਵਾਲੀਆਂ ਚੀਜ਼ਾਂ ਪੀਣ ਤੋਂ ਪਰਹੇਜ਼ ਕਰੋ। ਇਹ ਭੋਜਨ ਦੇ ਸਮੇਂ ਤੁਹਾਡੇ ਬੱਚੇ ਦੀ ਭੁੱਖ ਨੂੰ ਸੁਧਾਰਨ ਵਿੱਚ ਮੱਦਦ ਕਰੇਗਾ।

    ਕਬਜ਼ ਵਾਲੇ ਬੱਚੇ ਜੋ ਫਾਰਮੂਲਾ ਪੀਂਦੇ ਹਨ ਉਹਨਾਂ ਨੂੰ ਸਿਹਤ ਪੇਸ਼ੇਵਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਪਣੇ ਫਾਰਮੂਲੇ ਨੂੰ ਬਦਲਣ ਦੀ ਲੋੜ ਹੋ ਸਕਦੀ ਹੈ।

    ਕਈ ਕਿਸਮ ਦੇ ਫਾਰਮੂਲਾ ਦੁੱਧ ਵਰਤਣ ਤੋਂ ਬਚੋ ਕਿਉਂਕਿ ਇਹ ਸਮੱਸਿਆ ਵਿੱਚ ਯੋਗਦਾਨ ਪਾ ਸਕਦਾ ਹੈ।

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਜੇਕਰ ਤੁਹਾਡੇ ਬੱਚੇ ਦੀ ਉਮਰ 12 ਮਹੀਨਿਆਂ ਤੋਂ ਘੱਟ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਕਬਜ਼ ਹੈ, ਤਾਂ ਤੁਹਾਨੂੰ ਆਪਣੇ GP ਜਾਂ ਮੈਟਰਨਲ ਐਂਡ ਚਾਈਲਡ ਹੈਲਥ ਨਰਸ ਨਾਲ ਸਲਾਹ ਕਰਨੀ ਚਾਹੀਦੀ ਹੈ।

    ਵੱਡੀ ਉਮਰ ਦੇ ਬੱਚਿਆਂ ਲਈ, ਜੇਕਰ ਖ਼ੁਰਾਕ ਵਿੱਚ ਸਾਧਾਰਨ ਤਬਦੀਲੀਆਂ ਮੱਦਦ ਨਹੀਂ ਕਰ ਰਹੀਆਂ ਹਨ, ਤਾਂ ਤੁਹਾਡੇ ਬੱਚੇ ਨੂੰ ਬਹੁਤ ਦਰਦ ਹੈ ਜਾਂ ਜੇ ਉਹਨਾਂ ਦੇ ਹੇਠਾਂ ਤੋਂ ਖ਼ੂਨ ਵਹਿ ਰਿਹਾ ਹੈ, ਤਾਂ ਤੁਹਾਨੂੰ ਉਹਨਾਂ ਨੂੰ GP ਕੋਲ ਲੈ ਜਾਣਾ ਚਾਹੀਦਾ ਹੈ। ਸਮੁੱਚੀ ਸਿਹਤ ਲਈ ਸਧਾਰਨ ਖ਼ੁਰਾਕ ਤਬਦੀਲੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜੇਕਰ ਇਹ ਤਬਦੀਲੀਆਂ 3 ਦਿਨਾਂ ਦੇ ਅੰਦਰ-ਅੰਦਰ ਨਰਮ ਪੇਟ ਸਾਫ਼ ਕਰਨ ਦੀ ਕਿਰਿਆ ਪੈਦਾ ਨਹੀਂ ਕਰਦੀਆਂ ਹਨ ਤਾਂ ਤੁਹਾਡੇ GP ਨਾਲ ਸਲਾਹ-ਮਸ਼ਵਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

    ਤੁਹਾਡਾ GP ਜੁਲਾਬ ਵਾਲੀਆਂ ਦਵਾਈਆਂ ਵਾਲੇ ਇਲਾਜ ਦੀ ਸਿਫ਼ਾਰਸ਼ ਕਰ ਸਕਦਾ ਹੈ। ਜਿਨ੍ਹਾਂ ਬੱਚਿਆਂ ਨੂੰ ਕਈ ਮਹੀਨਿਆਂ ਤੋਂ ਕਬਜ਼ ਹੁੰਦੀ ਹੈ, ਉਹਨਾਂ ਨੂੰ ਪੇਟ ਸਾਫ਼ ਕਰਨ ਦੀਆਂ ਸਿਹਤਮੰਦ ਆਦਤਾਂ ਰੱਖਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਈ ਮਹੀਨਿਆਂ ਤੱਕ ਜੁਲਾਬ ਵਾਲੀਆਂ ਦਵਾਈਆਂ ਦੀ ਲੋੜ ਹੁੰਦੀ ਹੈ।

    ਜੁਲਾਬ ਵਿਕਲਪ

    ਫਾਰਮੇਸੀਆਂ ਵਿੱਚ ਜੁਲਾਬ ਵਾਲੀਆਂ ਦਵਾਈਆਂ ਉਪਲਬਧ ਹਨ, ਪਰ ਬੱਚਿਆਂ ਨੂੰ ਡਾਕਟਰੀ ਸਲਾਹ ਤੋਂ ਬਿਨਾਂ ਜੁਲਾਬ ਲੈਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ।

    • ਤਰਲ ਪੈਰਾਫਿਨ ਮਿਸ਼ਰਣ ਇੱਕ ਸੁਆਦਲੇ ਤਰਲ ਦੇ ਰੂਪ ਵਿੱਚ ਆਉਂਦੇ ਹਨ, ਅਤੇ ਇਸਨੂੰ ਲੰਘਣਾ ਆਸਾਨ ਬਣਾਉਣ ਲਈ ਟੱਟੀ ਨੂੰ ਚਿਕਨਾ ਕਰਕੇ ਕੰਮ ਕਰਦੇ ਹਨ। ਇਸ ਵਿੱਚ ਕੋਈ ਦਵਾਈ ਨਹੀਂ ਹੈ।
    • Macrogol3350 ਪਾਣੀ ਨਾਲ ਮਿਲਾਉਣ ਲਈ ਪੁੜੀਆਂ (ਸੈਸ਼ੇਟ) ਵਿੱਚ ਆਉਂਦਾ ਹੈ ਅਤੇ ਟੱਟੀ ਨੂੰ ਨਰਮ ਕਰਕੇ ਕੰਮ ਕਰਦਾ ਹੈ। ਇਹ ਸਿਰਫ਼ ਪਾਣੀ ਨਾਲ ਮਿਲਾਇਆ ਜਾ ਸਕਦਾ ਹੈ ਅਤੇ ਇਸਦਾ ਆਪਣਾ ਸੁਆਦ ਹੈ।
    • Osmolax ਇੱਕ ਟੱਬ ਨੁਮਾ ਡੱਬੇ ਵਿੱਚ ਆਉਂਦਾ ਹੈ। ਇਸ ਨੂੰ ਗਰਮ ਜਾਂ ਠੰਡੇ ਤਰਲ ਪਦਾਰਥਾਂ ਅਤੇ/ਜਾਂ ਭੋਜਨ ਨਾਲ ਮਿਲਾਇਆ ਜਾ ਸਕਦਾ ਹੈ। ਇਹ ਨਿਰ-ਸਵਾਦ ਹੈ ਜੋ ਬੱਚਿਆਂ ਲਈ ਲਾਭਦਾਇਕ ਹੈ। ਇਹ ਟੱਟੀ ਨੂੰ ਨਰਮ ਕਰਕੇ ਕੰਮ ਕਰਦਾ ਹੈ।
    • ਲੈਕਟੂਲੋਜ਼ ਇੱਕ ਮਿੱਠੇ ਵਾਲੇ ਤਰਲ ਵਜੋਂ ਆਉਂਦਾ ਹੈ, ਅਤੇ ਟੱਟੀ ਨੂੰ ਨਰਮ ਕਰਕੇ ਅਤੇ ਅੰਤੜੀਆਂ ਨੂੰ ਖ਼ਾਲੀ ਕਰਨ ਲਈ ਉਤੇਜਿਤ ਕਰਕੇ ਕੰਮ ਕਰਦਾ ਹੈ। ਇਹ ਜੂਸ ਜਾਂ ਦੁੱਧ ਦੇ ਨਾਲ ਮਿਲਾਕੇ ਸੁਆਦ ਹੋ ਸਕਦਾ ਹੈ। ਇਹ ਬਦਬੂਦਾਰ ਹਵਾ (ਪੱਦ ਮਾਰਨਾ) ਦਾ ਕਾਰਨ ਬਣ ਸਕਦੀ ਹੈ।
    • Docusate/poloxalkol ਇੱਕ ਗੋਲੀ ਜਾਂ ਬੂੰਦਾਂ ਦੇ ਰੂਪ ਵਿੱਚ ਆਉਂਦਾ ਹੈ (ਜੋ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਭ ਤੋਂ ਵੱਧ ਢੁੱਕਵਾਂ ਹੈ), ਅਤੇ ਟੱਟੀ ਨੂੰ ਨਰਮ ਕਰਕੇ ਕੰਮ ਕਰਦਾ ਹੈ।
    • Senna (ਸਏਨਾ)ਗੋਲੀ ਜਾਂ ਦਾਣਿਆਂ ਦੇ ਰੂਪ ਵਿੱਚ ਆਉਂਦੀ ਹੈ, ਅਤੇ ਅੰਤੜੀ ਨੂੰ ਖ਼ਾਲੀ ਕਰਨ ਲਈ ਉਤੇਜਿਤ ਕਰਕੇ ਕੰਮ ਕਰਦੀ ਹੈ। ਦਾਣਿਆਂ ਨੂੰ ਭੋਜਨ ਨਾਲ ਮਿਲਾਇਆ ਜਾ ਸਕਦਾ ਹੈ ਜਿਵੇਂ ਕਿ ਪਕਾਏ ਹੋਏ ਸੇਬ ਵਿੱਚ। ਜੇਕਰ ਦਵਾਈ ਦੀ ਖ਼ੁਰਾਕ ਬਹੁਤ ਜ਼ਿਆਦਾ ਹੈ ਤਾਂ ਤੁਹਾਡੇ ਬੱਚੇ ਨੂੰ ਦਸਤ ਜਾਂ ਪੇਟ ਵਿੱਚ ਕੜਵੱਲ ਹੋ ਸਕਦੇ ਹਨ।
    • Bisacodyl (ਬਿਸਾਕੋਡਿਲ)ਗੋਲੀ ਜਾਂ ਬੂੰਦਾਂ ਦੇ ਰੂਪ ਵਿੱਚ ਆਉਂਦਾ ਹੈ, ਅਤੇ ਅੰਤੜੀਆਂ ਨੂੰ ਖ਼ਾਲੀ ਕਰਨ ਲਈ ਉਤੇਜਿਤ ਕਰਕੇ ਕੰਮ ਕਰਦਾ ਹੈ। ਇਹ ਪੇਟ ਦੇ ਕੜਵੱਲ ਦਾ ਕਾਰਨ ਬਣ ਸਕਦਾ ਹੈ।
    • Psyllium husk ਫਾਈਬਰ ਇੱਕ ਕੁਦਰਤੀ ਫਾਈਬਰ ਪੂਰਕ ਹੈ ਜੋ ਟੱਟੀ ਨੂੰ ਨਰਮ ਕਰਨ ਵਿੱਚ ਮੱਦਦ ਕਰਦਾ ਹੈ ਅਤੇ ਇੱਕ ਹਲਕਾ ਜੁਲਾਬ ਹੈ। ਇਸਨੂੰ ਤੁਹਾਡੇ ਬੱਚੇ ਦੇ ਭੋਜਨ ਵਿੱਚ ਮਿਲਾਇਆ ਜਾ ਸਕਦਾ ਹੈ।
    • ਸਪੋਜ਼ਿਟਰੀਜ਼ ਅਤੇ ਮਿੰਨੀ-ਐਨੀਮਾ ਛੋਟੀਆਂ ਗੋਲੀਆਂ ਜਾਂ ਤਰਲ ਹਨ ਜੋ ਤੁਹਾਡੇ ਬੱਚੇ ਦੇ ਗੁਦਾ ਵਿੱਚ ਰੱਖੇ ਜਾਂਦੇ ਹਨ, ਜੋ ਗੁਦਾ ਨੂੰ ਖ਼ਾਲੀ ਕਰਨ ਲਈ ਉਤੇਜਿਤ ਕਰਦੇ ਹਨ। ਉਹ ਉਪਰਲੀ ਅੰਤੜੀ ਵਿੱਚ ਟੱਟੀ ਨੂੰ ਨਰਮ ਨਹੀਂ ਕਰਦੇ। ਉਹਨਾਂ ਨੂੰ ਕਈ ਵਾਰ ਗੰਭੀਰ ਕਬਜ਼ ਹੋਣ ਸਮੇਂ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਪਰ ਮੂੰਹ ਰਾਹੀਂ ਲੈਣ ਵਾਲੇ ਜੁਲਾਬ ਜ਼ਿਆਦਾਤਰ ਬੱਚਿਆਂ ਲਈ ਵਧੇਰੇ ਪ੍ਰਭਾਵਸ਼ਾਲੀ ਅਤੇ ਘੱਟ ਦੁਖਦਾਈ ਹੁੰਦੇ ਹਨ। ਗਲਿਸਰੀਨ ਸਪੋਜ਼ਿਟਰੀਆਂ ਦੀ ਵਰਤੋਂ ਬੱਚਿਆਂ ਵਿੱਚ ਗੰਭੀਰ ਕਬਜ਼ ਲਈ ਕੀਤੀ ਜਾ ਸਕਦੀ ਹੈ। ਆਪਣੇ ਬੱਚੇ ਨੂੰ ਕਦੇ ਵੀ ਐਨੀਮਾ ਨਾ ਦਿਓ ਜਦੋਂ ਤੱਕ ਤੁਹਾਡੇ ਬੱਚੇ ਦੇ ਡਾਕਟਰ ਨੇ ਤੁਹਾਨੂੰ ਇਹ ਨਾ ਕਿਹਾ ਹੋਵੇ।
    • ਅੰਤੜੀਆਂ ਦੀ ਸਿੰਚਾਈ – ਬਹੁਤ ਘੱਟ ਬੱਚਿਆਂ ਨੂੰ ਇੰਨੀ ਬੁਰੀ ਤਰ੍ਹਾਂ ਕਬਜ਼ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਅੰਤੜੀਆਂ ਨੂੰ ਧੋਣ ਲਈ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ। ਇਹ ਆਮ ਤੌਰ 'ਤੇ ਪੀਣ ਦੇ ਤੌਰ 'ਤੇ ਦਿੱਤੇ ਗਏ 'ਅੰਤੜੀ ਦੀ ਤਿਆਰੀ' ਤਰਲ ਦੀ ਵਰਤੋਂ ਕਰਕੇ ਜਾਂ ਪੇਟ ਵਿੱਚ ਨਾਲੀ (ਨੈਸੋਗੈਸਟ੍ਰਿਕ ਟਿਊਬ) ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਬੱਚਿਆਂ ਵਿੱਚ ਟੱਟੀ ਦੀ ਕਠੋਰਤਾ ਅਤੇ ਕਿੰਨ੍ਹੇ ਵਾਰ ਜਾਣ ਦੇ ਵਿੱਚ ਬਹੁਤ ਅੰਤਰ ਹੁੰਦਾ ਹੈ।
    • ਜੇਕਰ ਇਹ ਕੋਈ ਸਮੱਸਿਆ ਪੈਦਾ ਕਰ ਰਿਹਾ ਜਾਪਦਾ ਹੈ ਤਾਂ ਤੁਹਾਨੂੰ ਸਿਰਫ਼ ਆਪਣੇ ਬੱਚੇ ਦੀ ਟੱਟੀ ਦੀ ਕਠੋਰਤਾ ਜਾਂ ਕਿੰਨ੍ਹੇ ਵਾਰ ਜਾਣ ਦੇ ਸਮਿਆਂ ਬਾਰੇ ਚਿੰਤਾ ਕਰਨ ਦੀ ਲੋੜ ਹੈ।
    • ਕਬਜ਼ ਪੇਟ ਵਿਚ ਕੜਵੱਲ ਪੈਣ, ਭੁੱਖ ਘੱਟ ਲੱਗਣ ਅਤੇ ਚਿੜਚਿੜੇਪਨ ਦਾ ਕਾਰਨ ਬਣ ਸਕਦੀ ਹੈ।
    • ਜੇ 3 ਦਿਨਾਂ ਦੇ ਸਮੇਂ ਅੰਦਰ ਖ਼ੁਰਾਕ ਵਿੱਚ ਸਧਾਰਨ ਤਬਦੀਲੀਆਂ ਮੱਦਦ ਨਹੀਂ ਕਰ ਰਹੀਆਂ ਹਨ, ਤੁਹਾਡੇ ਬੱਚੇ ਨੂੰ ਬਹੁਤ ਦਰਦ ਹੈ ਜਾਂ ਜੇ ਉਸ ਦੇ ਹੇਠਾਂ ਤੋਂ ਖ਼ੂਨ ਵਹਿ ਰਿਹਾ ਹੈ ਤਾਂ ਆਪਣੇ ਡਾਕਟਰ ਨੂੰ ਮਿਲੋ।
    • ਕਬਜ਼ ਨੂੰ ਆਮ ਤੌਰ 'ਤੇ ਇੱਕ ਡਾਕਟਰ ਦੁਆਰਾ ਸਲਾਹ ਦਿੱਤੇ ਅਨੁਸਾਰ, ਪੇਟ ਸਾਫ਼ ਕਰਨ ਦੀਆਂ ਸਿਹਤਮੰਦ ਆਦਤਾਂ ਅਤੇ ਦਵਾਈਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਮੈਨੂੰ ਆਪਣੇ ਬੱਚੇ ਦੇ ਟੱਟੀ ਦੇ ਰੰਗ ਬਾਰੇ ਕਦੋਂ ਚਿੰਤਤ ਹੋਣਾ ਚਾਹੀਦਾ ਹੈ?

    ਆਮ ਤੌਰ 'ਤੇ, ਇਹ ਠੀਕ ਹੈ ਜੇਕਰ ਬੱਚਿਆਂ ਦੀ ਟੱਟੀ ਦਾ ਰੰਗ ਪੀਲੇ-ਭੂਰੇ ਤੋਂ ਗੂੜ੍ਹੇ ਹਰੇ ਤੱਕ ਕਿਤੇ ਵੀ ਹੁੰਦਾ ਹੈ। ਜੇਕਰ ਤੁਹਾਡੇ ਬੱਚੇ ਦੀ ਟੱਟੀ ਚਿੱਟੀ, ਲਾਲ ਜਾਂ ਕਾਲੀ ਹੈ, ਤਾਂ ਉਸਨੂੰ ਆਪਣੇ ਡਾਕਟਰ ਕੋਲ ਲੈ ਜਾਓ।

    ਮੇਰਾ ਬੱਚਾ ਟੱਟੀ ਲਈ ਜ਼ੋਰ ਲਗਾਉਂਦਾ ਹੈ, ਕੀ ਇਸਦਾ ਮਤਲਬ ਹੈ ਕਿ ਉਸਨੂੰ ਕਬਜ਼ ਹੈ?

    ਛੇ ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਰਮ ਟੱਟੀ ਪਾਸ ਕਰਨ ਤੋਂ ਪਹਿਲਾਂ ਤਣਾਅ ਹੋਣਾ ਆਮ ਗੱਲ ਹੈ। ਇਹ ਕਬਜ਼ ਨਹੀਂ ਹੈ, ਸਗੋਂ ਅੰਤੜੀਆਂ ਦੀ ਕਿਰਿਆ ਨੂੰ ਤਾਲਮੇਲ ਕਰਨ ਦੀ ਹੌਲੀ-ਹੌਲੀ ਵਿਕਾਸਸ਼ੀਲ ਹੁਨਰ/ਯੋਗਤਾ ਨੂੰ ਦਰਸਾਉਂਦਾ ਹੈ।


    ਰਾਇਲ ਚਿਲਡਰਨਜ਼ ਹਸਪਤਾਲ ਜਨਰਲ ਮੈਡੀਸਨ ਅਤੇ ਐਮਰਜੈਂਸੀ ਵਿਭਾਗਾਂ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਅਗਸਤ 2023 ਵਿੱਚ ਸਮੀਖਿਆ ਕੀਤੀ ਗਈ

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।