Challenging behaviour – toddlers and young children (Punjabi) – ਚੁਣੌਤੀਪੂਰਨ ਵਿਵਹਾਰ - ਬਾਲ ਅਤੇ ਛੋਟੇ ਬੱਚੇ

  • ਛੋਟੇ ਬੱਚੇ ਬਹੁਤ ਸਾਰੀਆਂ ਭਾਵਨਾਵਾਂ ਦਾ ਅਨੁਭਵ ਕਰਦੇ ਹਨ ਅਤੇ ਆਪਣੇ ਆਪ ਨੂੰ ਕਈ ਵੱਖ-ਵੱਖ ਤਰੀਕਿਆਂ ਨਾਲ ਪ੍ਰਗਟ ਕਰਦੇ ਹਨ। ਬਾਲਕਾਂ ਅਤੇ ਛੋਟੇ ਬੱਚਿਆਂ ਲਈ ਗੁੱਸੇ ਹੋਣਾ ਅਤੇ ਗੱਲ ਨਾ ਸੁਣਨਾ ਆਮ ਗੱਲ ਹੈ ਜਦੋਂਕਿ ਉਹਨਾਂ ਦੇ ਸਮਾਜਿਕ ਅਤੇ ਭਾਵਨਾਤਮਕ ਹੁਨਰ ਵਿਕਸਿਤ ਹੋ ਰਹੇ ਹੁੰਦੇ ਹਨ।

    ਇਹ ਅਹਿਮ ਹੈ ਕਿ ਤੁਸੀਂ ਅਤੇ ਹੋਰ ਦੇਖਭਾਲ ਕਰਨ ਵਾਲੇ ਤੁਹਾਡੇ ਬੱਚੇ ਨੂੰ ਹੁੰਗਾਰਾ ਦਿੰਦੇ ਹੋ ਅਤੇ ਉਹਨਾਂ ਦੀ ਸਹਾਇਤਾ ਕਰਦੇ ਹੋ ਜਦੋਂ ਉਹ ਵਿਕਾਸ ਕਰ ਰਹੇ ਹੁੰਦੇ ਹਨ ਅਤੇ ਆਪਣੀਆਂ ਭਾਵਨਾਵਾਂ ਨਾਲ ਨਜਿੱਠਣਾ ਸਿੱਖ ਰਹੇ ਹੁੰਦੇ ਹਨ। ਆਪਣੇ ਬੱਚੇ ਦਾ ਮਾਰਗਦਰਸ਼ਨ ਕਰਨਾ ਅਤੇ ਸਕਾਰਾਤਮਕ ਵਿਵਹਾਰ ਨੂੰ ਉਤਸ਼ਾਹਿਤ ਕਰਨਾ ਉਹਨਾਂ ਨੂੰ ਵਿਵਹਾਰ ਕਰਨ ਦੇ ਢੁੱਕਵੇਂ ਤਰੀਕੇ ਸਿੱਖਣ ਵਿੱਚ ਮੱਦਦ ਕਰੇਗਾ।

    ਚੁਣੌਤੀਪੂਰਨ ਵਿਵਹਾਰ ਦੇ ਨਿਸ਼ਾਨੀਆਂ ਅਤੇ ਲੱਛਣ (Signs and symptoms of challenging behaviour)

    ਵੱਖ-ਵੱਖ ਪਰਿਵਾਰਾਂ ਦੀਆਂ ਇਸ ਬਾਰੇ ਵੱਖੋ ਵੱਖਰੀਆਂ ਉਮੀਦਾਂ ਹੋਣਗੀਆਂ ਕਿ ਕੀ ਸਵੀਕਾਰਯੋਗ ਹੈ ਅਤੇ ਕੀ ਔਖਾ ਵਿਵਹਾਰ ਮੰਨਿਆ ਜਾਂਦਾ ਹੈ। ਕੁੱਝ ਵਿਵਹਾਰ ਜੋ ਪਰਿਵਾਰਾਂ ਨੂੰ ਆਮ ਤੌਰ 'ਤੇ ਚੁਣੌਤੀਪੂਰਨ ਲੱਗਦੇ ਹਨ, ਉਨ੍ਹਾਂ ਵਿੱਚ ਸ਼ਾਮਲ ਹਨ:

    • ਜਿੱਦ (ਜਿਵੇਂ ਕਿ ਤੁਹਾਡੀਆਂ ਕਹੇ ਦੀ ਪਾਲਣਾ ਕਰਨ ਤੋਂ ਮਨ੍ਹਾ ਕਰਨਾ)
    • ਬੇਚੈਨੀ (ਜਿਵੇਂ ਕਿ ਕੁੱਝ ਖ਼ਾਸ ਭੋਜਨ ਖਾਣ ਤੋਂ ਮਨ੍ਹਾ ਕਰਨਾ ਜਾਂ ਕੁੱਝ ਖ਼ਾਸ ਕੱਪੜੇ ਪਹਿਨਣਾ)
    • ਦੂਜੇ ਲੋਕਾਂ ਨੂੰ ਦੁੱਖ ਪਹੁੰਚਾਉਣਾ (ਜਿਵੇਂ ਕਿ ਦੰਦੀ ਵੱਢਣਾ, ਲੱਤ ਮਾਰਨਾ)
    • ਬਹੁਤ ਜ਼ਿਆਦਾ ਗੁੱਸਾ ਕਰਨਾ ਜਦੋਂ ਬੱਚੇ ਨੂੰ ਆਪਣੇ ਮਨ ਦੀ ਕਰਨ ਨੂੰ ਨਾ ਮਿਲੇ
    • ਚਿੜਚਿੜਾਪਣ ਦਿਖਾਉਣਾ (ਜੀਵਨ ਦੇ ਦੂਜੇ ਸਾਲ ਵਿੱਚ ਔਸਤਨ ਦਿਨ ਵਿੱਚ ਇੱਕ ਵਾਰ)।

    ਚੁਣੌਤੀਪੂਰਨ ਵਿਵਹਾਰ ਕਰਨ ਦਾ ਕੀ ਕਾਰਨ ਹੈ? (What causes challenging behaviour?)

    ਚੁਣੌਤੀਪੂਰਨ ਵਿਵਹਾਰ ਕਦੇ-ਕਦਾਈਂ ਇਸ ਕਾਰਨ ਹੁੰਦਾ ਹੈ ਕਿ ਤੁਹਾਡਾ ਬੱਚਾ ਅਜੇ ਵੀ ਉਸ ਤਰ੍ਹਾਂ ਦਾ ਸਮਾਜਿਕ ਅਤੇ ਭਾਵਨਾਤਮਕ ਹੁਨਰ ਸਿੱਖ ਰਿਹਾ ਹੈ ਜਿਸ ਤਰ੍ਹਾਂ ਦਾ ਵਿਵਹਾਰ ਕਰਨਾ ਤੁਸੀਂ ਚਾਹੁੰਦੇ ਹੋ ਕਿ ਉਹ ਕਰੇ। ਅਕਸਰ ਜਦੋਂ ਕੋਈ ਬੱਚਾ ਦੁਰਵਿਵਹਾਰ ਕਰਦਾ ਹੈ, ਇਹ ਚਿੰਤਾ, ਗੁੱਸੇ ਜਾਂ ਦੱਬੇ ਹੋਏ ਮਹਿਸੂਸ ਕਰਨ ਦਾ ਪ੍ਰਤੀਕਰਮ ਹੁੰਦਾ ਹੈ ਅਤੇ ਉਹ ਵੱਡੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਸੰਘਰਸ਼ ਕਰ ਰਿਹਾ ਹੁੰਦਾ ਹੈ।

    ਬੱਚਿਆਂ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਭਾਵਨਾਤਮਕ ਤੌਰ 'ਤੇ ਵਧਣ-ਫੁੱਲਣ ਲਈ ਆਪਣੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਸਕਾਰਾਤਮਕ ਧਿਆਨ ਮਿਲਣ ਦਾ ਲਾਭ ਹੁੰਦਾ ਹੈ। ਬਾਲਗਾਂ ਤੋਂ ਧਿਆਨ ਅਤੇ ਹੁੰਗਾਰਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਬੱਚੇ ਚੁਣੌਤੀਪੂਰਨ ਵਿਵਹਾਰ ਦਿਖਾ ਸਕਦੇ ਹਨ - ਕੁੱਝ ਬੱਚਿਆਂ ਲਈ, ਇੱਥੋਂ ਤੱਕ ਕਿ ਨਕਾਰਾਤਮਕ ਧਿਆਨ ਬਿਲਕੁਲ ਵੀ ਧਿਆਨ ਨਾ ਦੇਣ ਨਾਲੋਂ ਬਿਹਤਰ ਹੁੰਦਾ ਹੈ।

    ਛੋਟੇ ਬੱਚੇ ਵੀ ਆਸਾਨੀ ਨਾਲ ਵਿਚਲਿਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਯਾਦਾਂ ਛੋਟੀਆਂ ਹੁੰਦੀਆਂ ਹਨ, ਜਿਸ ਕਾਰਨ ਕਈ ਵਾਰ ਉਹ ਉਹੀ ਨਹੀਂ ਕਰਦੇ ਜੋ ਤੁਸੀਂ ਉਨ੍ਹਾਂ ਨੂੰ ਕਹਿੰਦੇ ਹੋ ਜਾਂ ਉਹੀ ਚੀਜ਼ਾਂ ਵਾਰ-ਵਾਰ ਕਰਦੇ ਹਨ।

    ਕਈ ਹੋਰ ਚੀਜ਼ਾਂ ਹਨ ਜੋ ਤੁਹਾਡੇ ਬੱਚੇ ਦੀਆਂ ਪ੍ਰਤੀਕਿਰਿਆਵਾਂ, ਭਾਵਨਾਵਾਂ ਜਾਂ ਵਿਵਹਾਰਾਂ ਨੂੰ ਨਿਯੰਤਰਿਤ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਵਿੱਚ ਸ਼ਾਮਲ ਹਨ:

    • ਬਿਮਾਰ ਹੋਣਾ
    • ਕਾਫ਼ੀ ਨੀਂਦ ਨਾ ਆਉਣਾ ਜਾਂ ਥੱਕਿਆ ਹੋਣਾ
    • ਬਹੁਤ ਜ਼ਿਆਦਾ ਸਕ੍ਰੀਨ ਤੇ ਸਮਾਂ ਬਿਤਾਉਣਾ
    • ਮਾੜੀ ਖ਼ੁਰਾਕ ਜਾਂ ਭੁੱਖ ਮਹਿਸੂਸ ਕਰਨਾ
    • ਪਰਿਵਾਰਕ ਹਾਲਾਤ ਜਾਂ ਰੁਟੀਨ ਵਿੱਚ ਤਬਦੀਲੀ।

    ਕਦੇ-ਕਦਾਈਂ, ਚੱਲ ਰਿਹਾ ਚੁਣੌਤੀਪੂਰਨ ਵਿਵਹਾਰ ਹੋਰ ਸਿਹਤ ਸਮੱਸਿਆਵਾਂ ਜਾਂ ਅੰਦਰੂਨੀ ਵਿਕਾਸ, ਸਮਾਜਿਕ ਜਾਂ ਭਾਵਨਾਤਮਕ ਸਮੱਸਿਆ ਦਾ ਸੰਕੇਤ ਦੇ ਸਕਦਾ ਹੈ। ਬੱਚੇ ਦੀ ਮੌਜੂਦਾ ਸਥਿਤੀ ਜਾਂ ਮਾਹੌਲ ਅਤੇ ਇਹ ਉਹਨਾਂ 'ਤੇ ਕਿਵੇਂ ਪ੍ਰਭਾਵ ਪਾ ਰਿਹਾ ਹੈ, ਇਸ ਬਾਰੇ ਵਿਚਾਰ ਕਰਨਾ ਵੀ ਮਹੱਤਵਪੂਰਨ ਹੈ। ਜੇਕਰ ਤੁਸੀਂ ਆਪਣੇ ਬੱਚੇ ਬਾਰੇ ਚਿੰਤਤ ਹੋ, ਤਾਂ ਆਪਣੇ GP ਨੂੰ ਮਿਲੋ।

    ਸਿਹਤਮੰਦ ਵਿਕਾਸ ਦੇ ਹਿੱਸੇ ਵਜੋਂ, ਬਾਲਕ ਹੌਲੀ-ਹੌਲੀ ਇਹ ਨਿਯੰਤਰਣ ਕਰਨਾ ਸਿੱਖਣਗੇ ਕਿ ਉਹ ਵੱਖ-ਵੱਖ ਸਥਿਤੀਆਂ ਵਿੱਚ ਕਿਵੇਂ ਪ੍ਰਤੀਕਿਰਿਆ ਕਰਦੇ ਹਨ। ਜਿਵੇਂ-ਜਿਵੇਂ ਤੁਹਾਡਾ ਬੱਚਾ ਵੱਡਾ ਹੁੰਦਾ ਜਾਂਦਾ ਹੈ, ਉਹ ਇਸ ਬਾਰੇ ਹੋਰ ਸਮਝ ਸਕੇਗਾ ਕਿ ਕਿਹੜੇ ਵਿਵਹਾਰ ਸਵੀਕਾਰਯੋਗ ਹਨ ਅਤੇ ਆਪਣੇ ਵਿਵਹਾਰ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਦੇ ਯੋਗ ਹੋ ਜਾਵੇਗਾ।

    ਚੁਣੌਤੀਪੂਰਨ ਵਿਵਹਾਰਾਂ ਨਾਲ ਕਿਵੇਂ ਨਜਿੱਠਣਾ ਹੈ (How to deal with challenging behaviours)

    ਸਪੱਸ਼ਟ ਨਿਯਮਾਂ ਅਤੇ ਹੱਦਾਂ ਨੂੰ ਨਿਰਧਾਰਤ ਕਰਨਾ ਮਹੱਤਵਪੂਰਨ ਹੈ ਤਾਂ ਜੋ ਤੁਹਾਡੇ ਬੱਚੇ ਨੂੰ ਪਤਾ ਲੱਗੇ ਕਿ ਉਸਤੋਂ ਕਿਸ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ। ਆਪਣੀਆਂ ਹਿਦਾਇਤਾਂ ਨੂੰ ਸਰਲ ਅਤੇ ਛੋਟਾ ਰੱਖੋ (ਜਿਵੇਂ ਕਿ ਮਾਰੋ ਨਾ। ਮਾਰਨ ਨਾਲ ਦਰਦ ਹੁੰਦਾ ਹੈ"), ਅਤੇ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਸਮਝਦਾ ਹੈ ਕਿ ਤੁਸੀਂ ਉਹਨਾਂ ਨੂੰ ਕੀ ਕਿਹਾ ਹੈ। ਉਸ ਵਿਵਹਾਰ ਬਾਰੇ ਇੱਕ ਛੋਟੀ ਅਤੇ ਸਰਲ ਹਿਦਾਇਤ ਦੇਣਾ ਵੀ ਮਹੱਤਵਪੂਰਨ ਹੈ ਜੋ ਤੁਸੀਂ ਉਸ ਵਿੱਚ ਦੇਖਣਾ ਚਾਹੁੰਦੇ ਹੋ (ਜਿਵੇਂ ਕਿ “ਆਪਣੇ ਭਰਾ ਨਾਲ ਨਰਮੀ ਨਾਲ ਪੇਸ਼ ਆਓ”)।

    ਚੁਣੌਤੀਪੂਰਨ ਵਿਵਹਾਰਾਂ ਨੂੰ ਨਿਰ-ਉਤਸ਼ਾਹਿਤ ਕਰਨ ਲਈ ਕਈ ਤਰੀਕੇ ਹਨ, ਜਿਵੇਂ ਕਿ:

    • ਅਣਡਿੱਠ ਕਰਨਾ - ਧਿਆਨ ਖਿੱਚਣ ਵਾਲੇ ਮਾਮੂਲੀ ਵਿਵਹਾਰ ਲਈ, ਵਿਵਹਾਰ ਨੂੰ ਨਜ਼ਰਅੰਦਾਜ਼ ਕਰਨਾ ਸਭ ਤੋਂ ਵਧੀਆ ਹੈ (ਜਿਵੇਂ ਕਿ ਆਪਣੇ ਬੱਚੇ ਤੋਂ ਦੂਰ ਹੋ ਜਾਓ ਅਤੇ ਸਿਰਫ਼ ਉਦੋਂ ਜਵਾਬ ਦਿਓ ਜਦੋਂ ਉਹ ਅਜਿਹਾ ਕਰਨਾ ਬੰਦ ਕਰ ਦੇਵੇ)। ਲਗਾਤਾਰ ਨਕਾਰਾਤਮਕ ਵਿਵਹਾਰਾਂ ਦਾ ਜਵਾਬ ਦੇਣਾ ਬੱਚੇ ਨੂੰ ਸਿਖਾ ਸਕਦਾ ਹੈ ਕਿ ਇਹ ਤੁਹਾਡਾ ਧਿਆਨ ਖਿੱਚਣ ਦਾ ਵਧੀਆ ਤਰੀਕਾ ਹੈ।
    • ਧਿਆਨ-ਭਟਕਾਉਣਾ - ਛੋਟੇ ਬੱਚੇ ਨਕਾਰਾਤਮਕ ਵਿਵਹਾਰ ਨੂੰ ਬੰਦ ਕਰ ਸਕਦੇ ਹਨ ਜੇਕਰ ਉਹਨਾਂ ਨੂੰ ਆਕਰਸ਼ਕ ਬਦਲ ਦਿੱਤਾ ਜਾਂਦਾ ਹੈ।
    • ਹਮਦਰਦੀ ਨੂੰ ਉਤਸ਼ਾਹਿਤ ਕਰਨਾ - ਦੱਸੋ ਕਿ ਤੁਹਾਡੇ ਬੱਚੇ ਦਾ ਵਿਵਹਾਰ ਕਿਸੇ ਹੋਰ ਵਿਅਕਤੀ ਨੂੰ ਕਿਵੇਂ ਮਹਿਸੂਸ ਕਰਵਾ ਰਿਹਾ ਹੈ (ਜਿਵੇਂ ਕਿ ਉਦਾਸ, ਦੁਖੀ) ਅਤੇ ਆਪਣੇ ਬੱਚੇ ਨੂੰ ਪੁੱਛੋ ਕਿ ਜੇਕਰ ਕੋਈ ਉਸ ਨਾਲ ਅਜਿਹਾ ਕਰਦਾ ਹੈ ਤਾਂ ਉਹ ਕਿਵੇਂ ਮਹਿਸੂਸ ਕਰੇਗਾ।

    ਲਗਾਤਾਰ ਚੱਲ ਰਹੇ, ਵਧੇਰੇ ਗੰਭੀਰ ਨਕਾਰਾਤਮਕ ਵਿਵਹਾਰ ਨਾਲ ਨਜਿੱਠਣਾ ਬਹੁਤ ਤਣਾਅਪੂਰਨ ਹੋ ਸਕਦਾ ਹੈ। ਸਕਾਰਾਤਮਕ ਪਹੁੰਚ ਵਰਤ ਕੇ ਆਪਣੇ ਬੱਚੇ ਦੇ ਵਿਵਹਾਰ ਨੂੰ ਸੇਧ ਦੇਣਾ ਸਭ ਤੋਂ ਵਧੀਆ ਹੈ।

    ਸਕਾਰਾਤਮਕ ਮਜ਼ਬੂਤੀ (Positive reinforcement)

    ਆਪਣੇ ਬੱਚੇ ਦੇ ਵਿਵਹਾਰ ਨਾਲ ਨਜਿੱਠਣ ਲਈ ਇੱਕ ਸਕਾਰਾਤਮਕ ਪਹੁੰਚ ਵਿੱਚ ਨਕਾਰਾਤਮਕ ਵਿਵਹਾਰਾਂ ਵੱਲ ਧਿਆਨ ਦੇਣ ਦੀ ਬਜਾਏ ਚੰਗੇ ਵਿਵਹਾਰ ਨੂੰ ਅਕਸਰ ਪਛਾਣਨਾ ਅਤੇ ਇਨਾਮ ਦੇਣਾ ਅਤੇ ਤੁਹਾਡੇ ਬੱਚੇ ਦੇ ਵਿਵਹਾਰ ਦੇ ਸਕਾਰਾਤਮਕ ਪਹਿਲੂਆਂ 'ਤੇ ਧਿਆਨ ਦੇਣਾ ਸ਼ਾਮਲ ਹੈ।

    • ਸਕਾਰਾਤਮਕ ਵਿਵਹਾਰਾਂ ਨੂੰ ਨਕਾਰਾਤਮਕ ਬਣਨ ਤੋਂ ਪਹਿਲਾਂ ਉਹਨਾਂ ਨੂੰ ਮਜ਼ਬੂਤ ਕਰੋ (ਜਿਵੇਂ ਕਿ "ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਭਰਾ ਨਾਲ ਨਰਮੀ ਨਾਲ ਖੇਡਣ ਵਿੱਚ ਵਧੀਆ ਕਰ ਰਹੇ ਹੋ")। ਇਹ ਤੁਹਾਡੇ ਬੱਚੇ ਨੂੰ ਉਸਦੇ ਸਕਾਰਾਤਮਕ ਵਿਵਹਾਰ ਵੱਲ ਧਿਆਨ ਦੇ ਕੇ ਉਤਸ਼ਾਹਿਤ ਕਰਦਾ ਹੈ, ਨਾ ਕਿ ਉਦੋਂ ਤੱਕ ਉਡੀਕ ਕਰਨ ਦੀ ਬਜਾਏ ਜਦੋਂ ਤੱਕ ਉਨ੍ਹਾਂ ਦਾ ਵਿਵਹਾਰ ਬਹੁਤ ਖ਼ਰਾਬ ਨਹੀਂ ਹੋ ਜਾਂਦਾ ਅਤੇ ਨਕਾਰਾਤਮਕ ਵਿਵਹਾਰ 'ਤੇ ਧਿਆਨ ਦੇਣਾ ਪੈਂਦਾ ਹੈ। ਯਕੀਨੀ ਬਣਾਓ ਕਿ ਤੁਸੀਂ ਉਹਨਾਂ ਵਿਵਹਾਰਾਂ ਬਾਰੇ ਨਿਸ਼ਚਿਤ ਹੋ ਜੋ ਤੁਸੀਂ ਅਸਲ ਵਿੱਚ ਪਸੰਦ ਕਰਦੇ ਹੋ ਅਤੇ ਉਤਸ਼ਾਹਿਤ ਕਰਨਾ ਚਾਹੁੰਦੇ ਹੋ।
    • ਆਪਣੇ ਘਰ ਵਿੱਚ ਸਕਾਰਾਤਮਕ ਵਿਵਹਾਰ ਪ੍ਰਣਾਲੀ ਨੂੰ ਲਾਗੂ ਕਰਨ ਬਾਰੇ ਵਿਚਾਰ ਕਰੋ। ਛੋਟੇ ਬੱਚਿਆਂ ਲਈ ਇੱਕ ਇਨਾਮ ਚਾਰਟ ਤੁਹਾਡੇ ਬੱਚੇ ਨੂੰ ਸਕਾਰਾਤਮਕ ਵਿਵਹਾਰ ਵਧਾਉਣ ਲਈ ਪ੍ਰੇਰਿਤ ਕਰ ਸਕਦਾ ਹੈ। ਇਹ ਰਣਨੀਤੀ ਉਹਨਾਂ ਸਮਿਆਂ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦੀ ਹੈ ਜਦੋਂ ਤੁਹਾਡਾ ਬੱਚਾ ਚੰਗਾ ਵਿਵਹਾਰ ਕਰ ਰਿਹਾ ਹੈ।
    • ਆਪਣੇ ਬੱਚੇ ਲਈ ਰੋਲ ਮਾਡਲ ਬਣੋ। ਬੱਚੇ ਇਸ ਬਾਰੇ ਸੂਹ ਲੈਂਦੇ ਹਨ ਕਿ ਦੂਜਿਆਂ ਨੂੰ ਦੇਖਕੇ ਕਿਵੇਂ ਵਿਵਹਾਰ ਕਰਨਾ ਹੈ। ਅਜਿਹੇ ਤਰੀਕੇ ਨਾਲ ਕੰਮ ਕਰਨਾ ਅਤੇ ਗੱਲ ਕਰਨਾ ਮਹੱਤਵਪੂਰਨ ਹੈ ਜਿਸਨੂੰ ਤੁਸੀਂ ਆਪਣੇ ਬੱਚੇ ਦੇ ਵਿਵਹਾਰ ਵਿੱਚ ਦੇਖਣਾ ਚਾਹੁੰਦੇ ਹੋ - ਜੇਕਰ ਤੁਸੀਂ ਆਪਣੇ ਬੱਚੇ ਨੂੰ ਤੁਹਾਡੇ 'ਤੇ ਚੀਖਣ ਤੋਂ ਨਿਰ-ਉਤਸ਼ਾਹਿਤ ਕਰਨਾ ਚਾਹੁੰਦੇ ਹੋ, ਤਾਂ ਇਹ ਮਹੱਤਵਪੂਰਨ ਹੈ ਕਿ ਜਦੋਂ ਤੁਸੀਂ ਚਿੜ੍ਹ ਰਹੇ ਹੋਵੋ ਤਾਂ ਸ਼ਾਂਤ ਅਤੇ ਹੌਲੀ ਆਵਾਜ਼ ਰੱਖਣ ਦੀ ਕੋਸ਼ਿਸ਼ ਕਰੋ।

    ਨਕਾਰਾਤਮਕ ਵਿਵਹਾਰ ਦੇ ਨਤੀਜੇ (Consequences for negative behaviour)

    ਜੇ ਤੁਹਾਡਾ ਬੱਚਾ ਨਿਯਮਾਂ ਨੂੰ ਤੋੜ ਰਿਹਾ ਹੈ, ਤਾਂ ਉਸਨੂੰ ਦੱਸੋ ਕਿ ਉਹ ਗਲਤ ਕੰਮ ਕਰ ਰਿਹਾ ਹੈ ਅਤੇ, ਜੇਕਰ ਉਚਿਤ ਹੋਵੇ, ਤਾਂ ਉਸਨੂੰ ਆਪਣਾ ਵਿਵਹਾਰ ਨੂੰ ਠੀਕ ਕਰਨ ਦਾ ਦੂਜਾ ਮੌਕਾ ਦਿਓ।

    ਜੇਕਰ ਨਕਾਰਾਤਮਕ ਵਿਵਹਾਰ ਜਾਰੀ ਰਹਿੰਦਾ ਹੈ, ਤਾਂ ਇੱਕ ਤਰਕਪੂਰਨ, ਉਮਰ-ਮੁਤਾਬਕ ਨਤੀਜਾ ਹੋਣਾ ਚਾਹੀਦਾ ਹੈ ਜੋ ਤੁਸੀਂ ਇਸਨੂੰ ਪੂਰਾ ਕਰਨ ਲਈ ਤਿਆਰ ਅਤੇ ਸਮਰੱਥ ਹੋ (ਜਿਵੇਂ ਕਿ "ਜੇ ਤੁਸੀਂ ਆਪਣੇ ਦੋਸਤ ਤੋਂ ਖੋਹਣਾ ਬੰਦ ਨਹੀਂ ਕਰਦੇ ਹੋ, ਤਾਂ ਤੁਸੀਂ ਹੁਣ ਕਾਰਾਂ ਨਾਲ ਨਹੀਂ ਖੇਡ ਸਕਦੇ ਹੋ" )। ਦੇਰੀ ਨਾਲ ਨਿਕਲਣ ਵਾਲੇ ਨਤੀਜਿਆਂ ਨਾਲੋਂ ਤੁਰੰਤ ਨਿੱਕਲੇ ਨਤੀਜੇ ਵਧੇਰੇ ਉਚਿਤ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ। 

    ਟਾਈਮ-ਆਊਟ (ਉਸ ਸਥਾਨ ਤੋਂ ਦੂਰ ਕਰਨਾ) ਇੱਕ ਤੁਰੰਤ ਨਤੀਜਾ ਪ੍ਰਦਾਨ ਕਰਨ ਦਾ ਇੱਕ ਆਮ ਤਰੀਕਾ ਹੈ, ਪਰ ਚੰਗੀ ਤਰ੍ਹਾਂ ਕੰਮ ਕਰਨ ਲਈ ਇਸਨੂੰ ਸਹੀ ਢੰਗ ਨਾਲ ਵਰਤਣ ਦੀ ਲੋੜ ਹੈ। ਅਣਡਿੱਠ ਕੀਤੇ ਜਾ ਸਕਣ ਵਾਲੇ ਵਿਵਹਾਰਾਂ (ਜਿਵੇਂ ਕਿ ਰੋਣ-ਕੁਰਲਾਉਣ, ਗਾਲ੍ਹਾਂ ਕੱਢਣ) ਦੀ ਬਜਾਏ ਵਧੇਰੇ ਚੁਣੌਤੀਪੂਰਨ ਵਿਵਹਾਰਾਂ (ਜਿਵੇਂ ਕਿ ਜਾਣਬੁੱਝ ਕੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ, ਖ਼ਤਰਨਾਕ ਵਿਵਹਾਰ ਜਾਂ ਜਾਣਬੁੱਝ ਕੇ ਚੀਜ਼ਾਂ ਨੂੰ ਤੋੜਨ) ਦੇ ਨਤੀਜੇ ਵਜੋਂ ਟਾਈਮ-ਆਊਟ ਰੱਖੋ।

    ਟਾਈਮ-ਆਊਟ ਦੀ ਵਰਤੋਂ ਬੱਚੇ ਨੂੰ ਦੁਖੀ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ (ਜਿਵੇਂ ਕਿ ਉਹਨਾਂ ਨੂੰ ਲੰਬੇ ਸਮੇਂ ਲਈ ਅਲੱਗ ਕਰਨਾ), ਪਰ ਇਸਦੀ ਵਰਤੋਂ ਤੁਹਾਡੇ ਬੱਚੇ ਨੂੰ ਕੁੱਝ ਮਿੰਟਾਂ ਲਈ ਸਥਿਤੀ ਤੋਂ ਹਟਾਉਣ ਅਤੇ ਉਹਨਾਂ ਨੂੰ ਸ਼ਾਂਤ ਕਰਨ ਅਤੇ ਉਹਨਾਂ ਦੇ ਵਿਵਹਾਰ ਨੂੰ ਬਦਲਣ ਦਾ ਮੌਕਾ ਦੇਣ ਲਈ ਕੀਤੀ ਜਾ ਸਕਦੀ ਹੈ।

    ਆਮ ਤੌਰ 'ਤੇ, ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਹਾਡਾ ਬੱਚਾ ਵੱਧ ਤੋਂ ਵੱਧ ਆਪਣੀ ਉਮਰ ਦੇ ਹਰ ਸਾਲ ਦੇ ਬਰਾਬਰ ਮਿੰਟਾਂ ਲਈ ਟਾਈਮ-ਆਊਟ ਵਿੱਚ ਰਹੇ, ਅਤੇ ਇਹ ਕਿ ਤੁਸੀਂ ਸਮਾਂ ਪੂਰਾ ਹੋਣ 'ਤੇ ਉਸਨੂੰ ਟਾਈਮ-ਆਊਟ ਤੋਂ ਬਾਹਰ ਆਉਣ ਦੀ ਆਗਿਆ ਦਿੰਦੇ ਹੋ, ਭਾਵੇਂ ਉਹ ਅਜੇ ਸ਼ਾਂਤ ਜਾਂ ਚੁੱਪ ਨਾ ਹੋਵੇ। ਆਪਣੇ ਬੱਚੇ ਨੂੰ ਲੰਬੇ ਸਮੇਂ ਲਈ ਟਾਈਮ-ਆਊਟ ਜਾਂ ਅਲੱਗ ਛੱਡਣ ਨਾਲ ਉਹਨਾਂ ਦੇ ਹੋਰ ਪ੍ਰੇਸ਼ਾਨਹੋਣ ਦੀ ਸੰਭਾਵਨਾ ਹੈ। ਜੇਕਰ ਤੁਹਾਡਾ ਬੱਚਾ ਟਾਈਮ-ਆਊਟ ਦੇ ਵਿਚਾਰ ਤੋਂ ਬਹੁਤ ਦੁਖੀ ਹੋ ਜਾਂਦਾ ਹੈ, ਜਾਂ ਜੇਕਰ ਤੁਹਾਡੇ ਬੱਚੇ ਨੂੰ ਅਤੀਤ ਵਿੱਚ ਤਣਾਅਪੂਰਨ ਅਨੁਭਵ ਹੋਏ ਹਨ ਅਤੇ ਤੁਸੀਂ ਸੋਚਦੇ ਹੋ ਕਿ ਟਾਈਮ-ਆਊਟ ਨਾਲ ਚੀਜ਼ਾਂ ਵਿਗੜ ਸਕਦੀਆਂ ਹਨ, ਤਾਂ ਇਹ ਤੁਹਾਡੇ ਬੱਚੇ ਲਈ ਢੁੱਕਵੀਂ ਰਣਨੀਤੀ ਨਹੀਂ ਹੋ ਸਕਦੀ ਹੈ। ਯਾਦ ਰੱਖੋ, ਤੁਸੀਂ ਆਪਣੇ ਬੱਚੇ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਹੋ, ਇਸ ਲਈ ਤੁਸੀਂ ਇਸ ਸਥਿਤੀ ਵਿੱਚ ਮੱਦਦ ਲਈ ਆਪਣੇ GP ਨੂੰ ਮਿਲਣਾ ਪਸੰਦ ਕਰ ਸਕਦੇ ਹੋ।

    ਛੋਟੇ ਬੱਚਿਆਂ ਲਈ ਟਾਈਮ-ਇਨ ਵਧੇਰੇ ਮੱਦਦਗਾਰ ਹੁੰਦਾ ਹੈ ਜੋ ਸ਼ਾਇਦ ਟਾਈਮ-ਆਊਟ ਦੇ ਵਿਚਾਰ ਨੂੰ ਨਹੀਂ ਸਮਝਦੇ ਹਨ: ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਉਨ੍ਹਾਂ ਦੇ ਨੇੜੇ ਰਹਿੰਦੇ ਹੋ ਅਤੇ ਸਹਾਰਾ ਦੇਣ ਦੀ ਪੇਸ਼ਕਸ਼ ਕਰਦੇ ਹੋ (ਉਨ੍ਹਾਂ ਨਾਲ ਚੁੱਪਚਾਪ ਬੈਠੋ, ਗਲੇ ਲਗਾਓ ਜਾਂ ਫੜੋ) ਜਦੋਂ ਉਹ ਸ਼ਾਂਤ ਹੋਣ ਲਈ ਸੰਘਰਸ਼ ਕਰ ਰਹੇ ਹੁੰਦੇ ਹਨ।

    ਨਤੀਜਿਆਂ ਪ੍ਰਤੀ ਆਪਣੀ ਪਹੁੰਚ ਨਾਲ ਇਕਸਾਰ ਰਹੋ ਅਤੇ ਤੁਹਾਡੇ ਬੱਚੇ ਦੀ ਇਹ ਸਮਝਣ ਦੀ ਜ਼ਿਆਦਾ ਸੰਭਾਵਨਾ ਹੋਵੇਗੀ ਕਿ ਉਹਨਾਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ।

    ਨਕਾਰਾਤਮਕ ਅਨੁਸ਼ਾਸਨ ਨੁਕਸਾਨਦੇਹ ਹੋ ਸਕਦਾ ਹੈ (Negative discipline can be harmful)

    ਸਰੀਰਕ ਅਨੁਸ਼ਾਸਨ (Physical discipline)

    ਸਰੀਰਕ ਅਨੁਸ਼ਾਸਨ ਕੋਈ ਵੀ ਉਹ ਚੀਜ਼ ਹੈ ਜੋ ਕਿਸੇ ਬੱਚੇ ਨੂੰ ਉਹਨਾਂ ਦੇ ਵਿਵਹਾਰ ਦੇ ਜਵਾਬ ਵਿੱਚ ਸਰੀਰਕ ਦਰਦ ਜਾਂ ਬੇਅਰਾਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਸਰੀਰਕ ਅਨੁਸ਼ਾਸਨ ਵਿੱਚ ਪਿੱਠ 'ਤੇ ਮਾਰਨਾ, ਮਾਰਨਾ, ਕੁੱਟਣਾ, ਥੱਪੜ ਮਾਰਨਾ, ਚੂੰਢੀ ਵੱਢਣਾ ਜਾਂ ਖਿੱਚਣਾ ਸ਼ਾਮਿਲ ਹੈ ਅਤੇ ਇਸਨੂੰ ਚੁਣੌਤੀਪੂਰਨ ਵਿਵਹਾਰ ਦਾ ਪ੍ਰਬੰਧਨ ਕਰਨ ਲਈ ਇੱਕ ਰਣਨੀਤੀ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ।

    ਬਹੁਤ ਸਾਰੇ ਖੋਜ-ਅਧਿਐਨਾਂ ਨੇ ਪਾਇਆ ਹੈ ਕਿ ਸਰੀਰਕ ਅਨੁਸ਼ਾਸਨ ਦੇ ਬੱਚੇ 'ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਮਾੜੇ ਪ੍ਰਭਾਵ ਪੈ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ:

    • ਜ਼ਿਆਦਾ ਕ੍ਰੋਧ ਅਤੇ ਸਮਾਜ ਵਿਰੋਧੀ ਵਿਵਹਾਰ
    • ਬੱਚਿਆਂ ਨੂੰ ਸਿਖਾਉਣਾ ਕਿ ਹਿੰਸਾ ਠੀਕ ਹੈ
    • ਘੱਟ ਸਵੈ-ਮਾਣ
    • ਮਾਨਸਿਕ ਸਿਹਤ ਸਮੱਸਿਆਵਾਂ
    • ਬੱਚੇ ਅਤੇ ਮਾਤਾ-ਪਿਤਾ ਵਿਚਕਾਰ ਮਾੜਾ ਰਿਸ਼ਤਾ।

    ਜੇਕਰ ਤੁਹਾਡੇ ਪਰਿਵਾਰ ਵਿੱਚ ਹਿੰਸਾ ਜਾਂ ਕ੍ਰੋਧ ਹੁੰਦਾ ਹੈ, ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋ, ਜਾਂ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਤੁਰੰਤ ਨੁਕਸਾਨ ਪੁਹੰਚਣ ਦਾ ਖ਼ਤਰਾ ਹੈ, ਤਾਂ 000 'ਤੇ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰੋ।

    ਚੀਕਣਾ ਜਾਂ ਸ਼ਰਮਿੰਦਾ ਕਰਨਾ (Shouting or shaming)

    ਜਦੋਂ ਮਾਪੇ ਖਿਝੇ ਹੋਏ ਹੁੰਦੇ ਹਨ ਤਾਂ ਚੀਕਣਾ ਜਾਂ ਉੱਚੀ ਬੋਲਣਾ ਇੱਕ ਸਮਝਣ ਯੋਗ ਜਵਾਬ ਹੋ ਸਕਦਾ ਹੈ; ਹਾਲਾਂਕਿ, ਖੋਜ-ਅਧਿਐਨਾਂ ਨੇ ਪਾਇਆ ਹੈ ਕਿ ਬੱਚਿਆਂ 'ਤੇ ਵਾਰ-ਵਾਰ ਚੀਕਣ ਨਾਲ ਸਰੀਰਕ ਅਨੁਸ਼ਾਸਨ ਦੀ ਤਰ੍ਹਾਂ ਨੁਕਸਾਨਦੇਹ ਪ੍ਰਭਾਵ ਹੋ ਸਕਦੇ ਹਨ।

    ਕਿਸੇ ਬੱਚੇ ਲਈ - ਖ਼ਾਸ ਤੌਰ 'ਤੇ ਉਹਨਾਂ ਤੋਂ ਕਿਸੇ ਬਹੁਤ ਵੱਡੇ ਵਿਅਕਤੀ ਦੁਆਰਾ - ਚੀਕਣਾ ਬਹੁਤ ਤਣਾਅਪੂਰਨ ਹੁੰਦਾ ਹੈ। ਚੀਕਣ ਨਾਲ ਬੱਚਿਆਂ ਦੇ ਵਿਵਹਾਰ ਵਿੱਚ ਸੁਧਾਰ ਨਹੀਂ ਹੁੰਦਾ ਹੈ, ਅਤੇ ਇਹ ਭਵਿੱਖ ਵਿੱਚ ਹੋਰ ਵਿਵਹਾਰ ਸੰਬੰਧੀ ਸਮੱਸਿਆਵਾਂ (ਜਿਵੇਂ ਕਿ ਵਧੀ ਹੋਈ ਹਮਲਾਵਰਤਾ) ਅਤੇ ਮਾਨਸਿਕ ਸਿਹਤ ਸਮੱਸਿਆਵਾਂ (ਜਿਵੇਂ ਕਿ ਚਿੰਤਾ, ਉਦਾਸੀ) ਦਾ ਕਾਰਨ ਬਣ ਸਕਦਾ ਹੈ।

    ਬੱਚਿਆਂ ਨੂੰ ਉਹਨਾਂ ਦੇ ਕੰਮਾਂ ਲਈ ਸ਼ਰਮਿੰਦਾ ਕਰਨਾ, ਨਿੰਦਣਾ ਅਤੇ ਅਪਮਾਨਿਤ ਕਰਨਾ ਉਹਨਾਂ ਦੀ ਲੰਬੇ ਸਮੇਂ ਦੀ ਮਾਨਸਿਕ ਸਿਹਤ ਲਈ ਵੀ ਬਹੁਤ ਨੁਕਸਾਨਦਾਇਕ ਹੈ, ਅਤੇ ਇਹ ਉਹਨਾਂ ਦੇ ਵਿਵਹਾਰ ਨੂੰ ਸੁਧਾਰਨ ਦਾ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੈ।

    ਸਜ਼ਾ ਦੇ ਤੌਰ 'ਤੇ ਇਕੱਲਤਾ (Isolation as punishment)

    ਬਿਨਾਂ ਕਿਸੇ ਵਿਆਖਿਆ ਜਾਂ ਭਾਵਨਾਤਮਕ ਸਹਾਇਤਾ ਦੇ ਲੰਬੇ ਸਮੇਂ ਤੱਕ ਇਕੱਲਤਾ ਵਿੱਚ ਸਮਾਂ ਬਿਤਾਉਣਾ ਛੋਟੇ ਬੱਚਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਅਲੱਗ ਕਰਨ (ਖ਼ਾਸ ਕਰਕੇ ਉਸ ਸਮੇਂ ਜਦੋਂ ਉਹ ਅਸ਼ਾਂਤ ਹੁੰਦੇ ਹਨ) ਨੂੰ ਅਸਵੀਕਾਰ ਕਰਨ ਵਜੋਂ ਮੰਨਿਆ ਜਾ ਸਕਦਾ ਹੈ, ਜੋ ਤੁਹਾਡੇ ਬੱਚੇ ਲਈ ਪ੍ਰੇਸ਼ਾਨੀ ਅਤੇ ਉਲਝਣ ਦਾ ਕਾਰਨ ਬਣ ਸਕਦਾ ਹੈ। ਕਦੇ-ਕਦਾਈਂ ਇਹ ਤੁਹਾਡੇ ਬੱਚੇ ਨੂੰ ਇੱਕ ਚੁਣੌਤੀਪੂਰਨ ਸਥਿਤੀ ਤੋਂ ਦੂਰ ਲੈ ਜਾਣ ਅਤੇ ਦ੍ਰਿਸ਼ ਵਿੱਚ ਇੱਕ ਸ਼ਾਂਤ ਤਬਦੀਲੀ ਲਿਆਉਣ ਲਈ ਪ੍ਰਭਾਵਸ਼ਾਲੀ ਹੋ ਸਕਦਾ ਹੈ, ਪਰ ਉਹਨਾਂ ਨੂੰ ਪ੍ਰਤੀ ਸਾਲ ਉਮਰ ਲਈ ਇੱਕ ਮਿੰਟ ਦੀ ਸਿਫਾਰਸ਼ ਕੀਤੀ ਮਿਆਦ ਤੋਂ ਵੱਧ ਸਮੇਂ ਲਈ ਦੂਰ ਰੱਖਣਾ ਮੱਦਦਗਾਰ ਨਹੀਂ ਹੁੰਦਾ ਹੈ।

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਕਦੇ-ਕਦਾਈਂ, ਗੰਭੀਰ ਅਤੇ ਲਗਾਤਾਰ ਚੁਣੌਤੀਪੂਰਨ ਵਿਵਹਾਰ ਵਿਕਾਸ ਸੰਬੰਧੀ ਸਥਿਤੀ ਜਾਂ ਮਾਨਸਿਕ ਸਿਹਤ ਸੰਬੰਧੀ ਵਧੇਰੇ ਗੰਭੀਰ ਚਿੰਤਾ ਦਾ ਸੰਕੇਤ ਹੋ ਸਕਦਾ ਹੈ। ਜੇ ਤੁਹਾਡੇ ਬੱਚੇ ਦਾ ਵਿਵਹਾਰ ਉਸਦੇ ਜੀਵਨ ਨਾਲ ਸਿੱਝਣ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਰਿਹਾ ਹੈ ਤਾਂ ਤੁਹਾਨੂੰ ਮੱਦਦ ਅਤੇ ਹੋਰ ਮੁਲਾਂਕਣ ਲਈ ਆਪਣੇ GP ਨੂੰ ਮਿਲਣਾ ਚਾਹੀਦਾ ਹੈ।

    ਵਿਵਹਾਰ ਦੀਆਂ ਚੁਣੌਤੀਆਂ ਦਾ ਪਰਿਵਾਰਕ ਜੀਵਨ 'ਤੇ ਨਿਰੰਤਰ, ਨਕਾਰਾਤਮਕ ਪ੍ਰਭਾਵ ਹੋ ਸਕਦਾ ਹੈ। ਜੇਕਰ ਤੁਹਾਨੂੰ ਆਪਣੇ ਬੱਚੇ ਦੇ ਵਿਵਹਾਰ ਨੂੰ ਸੰਭਾਲਣ ਜਾਂ ਇਸ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਤਾਂ ਤੁਸੀਂ GP ਨਾਲ ਗੱਲ ਕਰ ਸਕਦੇ ਹੋ ਜੋ ਤੁਹਾਨੂੰ ਬੱਚਿਆਂ ਦੇ ਵਿਵਹਾਰ ਦੇ ਮਾਹਰ ਕੋਲ ਭੇਜ ਸਕਦਾ ਹੈ।

    ਜਦੋਂ ਤੁਹਾਡੇ ਬੱਚੇ ਨੂੰ ਵਿਵਹਾਰ ਸੰਬੰਧੀ ਚੁਣੌਤੀਆਂ ਹੁੰਦੀਆਂ ਹਨ ਤਾਂ ਆਪਣੀ ਖੁਦ ਦੀ ਭਾਵਨਾ ਦਾ ਪ੍ਰਬੰਧਨ ਕਰਨਾ ਬਹੁਤ ਔਖਾ ਹੋ ਸਕਦਾ ਹੈ। ਆਪਣੇ ਆਪ ਦੀ ਦੇਖਭਾਲ ਕਰਨਾ ਅਤੇ ਲੋੜ ਪੈਣ 'ਤੇ ਸਹਾਇਤਾ ਪ੍ਰਾਪਤ ਕਰਨਾ ਮਹੱਤਵਪੂਰਨ ਹੈ। ਇੱਥੇ ਪਾਲਣ-ਪੋਸ਼ਣ ਸਹਾਇਤਾ ਬਾਰੇ ਜਾਣਕਾਰੀ ਮਿਲ ਸਕਦੀ ਹੈ: https://raisingchildren.net.au/grown-ups/services-support

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਬਾਲਕਾਂ ਅਤੇ ਛੋਟੇ ਬੱਚਿਆਂ ਲਈ ਗੁੱਸੇ ਹੋਣਾ ਅਤੇ ਗੱਲ ਨਾ ਸੁਣਨਾ ਆਮ ਗੱਲ ਹੈ ਜਦੋਂਕਿ ਉਹਨਾਂ ਦੇ ਸਮਾਜਿਕ ਅਤੇ ਭਾਵਨਾਤਮਕ ਹੁਨਰ ਵਿਕਸਿਤ ਹੋ ਰਹੇ ਹੁੰਦੇ ਹਨ।
    • ਅਣਡਿੱਠ ਕਰਨਾ, ਧਿਆਨ-ਭਟਕਾਉਣਾ ਅਤੇ ਹਮਦਰਦੀ ਨੂੰ ਉਤਸ਼ਾਹਿਤ ਕਰਨਾ ਨਕਾਰਾਤਮਕ ਵਿਵਹਾਰ ਨੂੰ ਨਿਰ-ਉਤਸ਼ਾਹਿਤ ਕਰਨ ਵਿੱਚ ਮੱਦਦ ਕਰ ਸਕਦਾ ਹੈ।
    • ਸਕਾਰਾਤਮਕ ਮਜ਼ਬੂਤੀ ਅਤੇ ਤੁਹਾਡੇ ਬੱਚੇ ਦੇ ਚੰਗੇ ਵਿਵਹਾਰ 'ਤੇ ਧਿਆਨ ਕੇਂਦਰਿਤ ਕਰਨਾ ਤੁਹਾਡੇ ਬੱਚੇ ਦੇ ਵਿਵਹਾਰ ਨੂੰ ਸੇਧ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ।
    • ਨਿਯਮ ਨਿਰਧਾਰਤ ਕਰਨਾ ਅਤੇ ਉਮਰ-ਮੁਤਾਬਕ ਨਤੀਜਿਆਂ ਨਾਲ ਇਕਸਾਰ ਹੋਣਾ ਅਹਿਮ ਹੈ।
    • ਆਪਣੇ ਬੱਚੇ ਨੂੰ ਸਰੀਰਕ ਅਨੁਸ਼ਾਸਨ (ਉਦਾਹਰਨ ਲਈ, ਚੂਸਣ), ਚੀਕਣਾ ਜਾਂ ਅਲੱਗ ਕਰਨ ਨਾਲ ਸਜ਼ਾ ਦੇਣਾ ਨੁਕਸਾਨਦੇਹ ਹੋ ਸਕਦਾ ਹੈ ਅਤੇ ਚੁਣੌਤੀਪੂਰਨ ਵਿਵਹਾਰ ਨੂੰ ਠੀਕ ਕਰਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ।

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਮੇਰੀ ਧੀ 'ਤੇ ਬਹੁਤ ਜ਼ਿਆਦਾ ਸਕ੍ਰੀਨ ਤੇ ਸਮਾਂ ਬਿਤਾਉਣ ਦਾ ਕੀ ਪ੍ਰਭਾਵ ਪਵੇਗਾ? 

    ਖੋਜ ਇਹ ਪਤਾ ਲੱਗ ਰਿਹਾ ਹੈ ਕਿ ਬਹੁਤ ਛੋਟੇ ਬੱਚਿਆਂ ਲਈ ਬਹੁਤ ਜ਼ਿਆਦਾ ਸਕ੍ਰੀਨ ਸਮਾਂ ਉਹਨਾਂ ਦੇ ਵਿਕਾਸਸ਼ੀਲ ਦਿਮਾਗ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹ ਉਹਨਾਂ ਦੀ ਇਕਾਗਰਤਾ, ਭਾਸ਼ਾ ਦੇ ਵਿਕਾਸ ਅਤੇ ਉਹ ਦੂਜੇ ਲੋਕਾਂ ਨਾਲ ਕਿੰਨੀ ਚੰਗੀ ਤਰ੍ਹਾਂ ਗੱਲਬਾਤ ਕਰਦੇ ਹਨ, ਇਸਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ, ਅਤੇ ਇਸਨੂੰ ਨੀਂਦ ਆਉਣ ਵਿੱਚ ਮੁਸ਼ਕਲ ਆਉਣ ਨਾਲ ਵੀ ਜੋੜਿਆ ਗਿਆ ਹੈ। ਇਹ ਸਾਰੀਆਂ ਚੀਜ਼ਾਂ ਚੁਣੌਤੀਪੂਰਨ ਵਿਵਹਾਰ ਵਿੱਚ ਯੋਗਦਾਨ ਪਾ ਸਕਦੀਆਂ ਹਨ। ਅਮੈਰੀਕਨ ਅਕੈਡਮੀ ਆਫ਼ ਪੀਡੀਆਟ੍ਰਿਕਸ ਸਿਫ਼ਾਰਸ਼ ਕਰਦੀ ਹੈ ਕਿ: 18 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀਡੀਓ-ਚੈਟਿੰਗ ਤੋਂ ਇਲਾਵਾ, ਹੋਰ ਕਿਸੇ ਵੀ ਤਰ੍ਹਾਂ ਦੇ ਸਕ੍ਰੀਨ 'ਤੇ ਸਮਾਂ ਬਿਤਾਉਣ ਤੋਂ ਬਚਣਾ ਚਾਹੀਦਾ ਹੈ; 18 ਮਹੀਨਿਆਂ ਤੋਂ ਦੋ ਸਾਲ ਦੀ ਉਮਰ ਦੇ ਬੱਚੇ ਉੱਚ-ਗੁਣਵੱਤਾ ਵਾਲੇ ਪ੍ਰੋਗਰਾਮਾਂ ਜਾਂ ਐਪਾਂ ਨੂੰ ਦੇਖ ਜਾਂ ਵਰਤ ਸਕਦੇ ਹਨ ਜੇਕਰ ਬਾਲਗ ਉਹਨਾਂ ਨੂੰ ਦੇਖਦੇ ਜਾਂ ਖੇਡਦੇ ਹਨ ਤਾਂ ਜੋ ਉਹਨਾਂ ਨੂੰ ਇਹ ਸਮਝਣ ਵਿੱਚ ਮੱਦਦ ਕਰ ਸਕਣ ਕਿ ਉਹ ਕੀ ਦੇਖ ਰਹੇ ਹਨ; ਦੋ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਨੂੰ ਇੱਕ ਦਿਨ ਵਿੱਚ ਇੱਕ ਘੰਟੇ ਤੋਂ ਵੱਧ ਸਕ੍ਰੀਨ 'ਤੇ ਸਮਾਂ ਨਹੀਂ ਬਿਤਾਉਣਾ ਚਾਹੀਦਾ, ਜਦੋਂ ਬਾਲਗ ਉਹਨਾਂ ਨਾਲ ਦੇਖਦੇ ਜਾਂ ਖੇਡਦੇ ਹਨ।

    ਮੈਂ ਮੱਦਦਗਾਰ ਤਰੀਕੇ ਨਾਲ 'ਟਾਈਮ-ਆਊਟ' ਕਿਵੇਂ ਕਰਾਂ? 

    ਅਕਸਰ ਜਦੋਂ ਛੋਟੇ ਬੱਚੇ ਦੁਰਵਿਵਹਾਰ ਕਰਦੇ ਹਨ, ਤਾਂ ਉਹਨਾਂ ਨੂੰ ਸ਼ਾਂਤ ਹੋਣ ਲਈ ਲਈ ਆਪਣੇ ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਦੀ ਮੱਦਦ ਦੀ ਲੋੜ ਹੁੰਦੀ ਹੈ। ਟਾਈਮ-ਆਊਟ ਨੂੰ ਆਪਣੇ ਬੱਚੇ ਨੂੰ ਕੁੱਝ 'ਡਾਊਨ ਟਾਈਮ' ਦੇਣ ਲਈ ਇੱਕ ਤਕਨੀਕ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਅਤੇ ਬੱਚੇ ਨੂੰ ਦੰਡ ਭੋਗਣ ਲਈ ਸਜ਼ਾ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਟਾਈਮ-ਆਊਟ ਉਦੋਂ ਸਭ ਤੋਂ ਵਧੀਆ ਕੰਮ ਕਰਦਾ ਹੈ ਜਦੋਂ ਥੋੜ੍ਹੇ ਸਮੇਂ ਲਈ ਵਰਤਿਆ ਜਾਂਦਾ ਹੈ (ਵੱਧ ਤੋਂ ਵੱਧ ਇੱਕ ਮਿੰਟ ਪ੍ਰਤੀ ਸਾਲ ਦੀ ਉਮਰ) ਅਤੇ ਇੱਕ ਅਣਉਚਿਤ ਵਿਵਹਾਰ ਹੋਣ ਤੋਂ ਤੁਰੰਤ ਬਾਅਦ। ਬੱਚਿਆਂ ਨੂੰ ਦੂਰ ਭੇਜਣਾ ਜਾਂ ਉਨ੍ਹਾਂ ਨੂੰ ਲੰਬੇ ਸਮੇਂ ਲਈ ਅਲੱਗ ਕਰਨ ਨਾਲ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਹੈ ਅਤੇ ਇਹ ਗ਼ੈਰ-ਲਾਹੇਵੰਦ ਹੋ ਸਕਦਾ ਹੈ।

    ਮੈਨੂੰ ਕਿਵੇਂ ਪਤਾ ਲੱਗੇਗਾ ਕਿ ਜੇਕਰ ਮੇਰੀ ਧੀ ਦਾ ਵਿਵਹਾਰ ADHD ਕਾਰਨ ਹੈ?

    ਸਾਰੇ ਛੋਟੇ ਬੱਚਿਆਂ ਦਾ ਧਿਆਨ ਬਹੁਤ ਥੋੜ੍ਹੇ ਸਮੇਂ ਲਈ ਲੱਗਦਾ ਹੈ ਅਤੇ ਉਹ ਕਈ ਵਾਰ ਬਿਨਾਂ ਸੋਚੇ ਸਮਝੇ ਕੰਮ ਕਰਦੇ ਹਨ, ਪਰ ਬਹੁਤ ਘੱਟ ਬੱਚਿਆਂ ਨੂੰ ADHD (ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ) ਹੁੰਦਾ ਹੈ। ADHD ਦੇ ਲੱਛਣਾਂ ਵਿੱਚ ਆਮ ਤੌਰ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਬਿਨਾਂ ਸੋਚੇ-ਸਮਝੇ ਕੰਮ ਕਰਨਾ ਅਤੇ ਸਰਗਰਮੀ ਦੇ ਬਹੁਤ ਉੱਚੇ ਪੱਧਰ ਸ਼ਾਮਲ ਹੁੰਦੇ ਹਨ। ਇਹ ਸਾਰੇ ਵਿਵਹਾਰ ਜ਼ਿਆਦਾਤਰ ਬਾਲਕਾਂ ਅਤੇ ਬਹੁਤ ਸਾਰੇ ਪ੍ਰੀ-ਸਕੂਲਰਾਂ ਵਿੱਚ ਬਹੁਤ ਆਮ ਹਨ। ਜੇ ਤੁਹਾਡੇ ਬੱਚੇ ਵਿੱਚ ADHD ਦੇ ਇੱਕ ਤੋਂ ਵੱਧ ਲੱਛਣ ਹਨ ਅਤੇ ਲੱਛਣ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਹਨ, ਤਾਂ ਤੁਸੀਂ ਆਪਣੀਆਂ ਚਿੰਤਾਵਾਂ ਬਾਰੇ ਚਰਚਾ ਕਰਨ ਲਈ ਆਪਣੇ GP ਨੂੰ ਮਿਲਣ ਬਾਰੇ ਵਿਚਾਰ ਕਰ ਸਕਦੇ ਹੋ। ਸਾਡੀ ਤੱਥ ਸ਼ੀਟ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਦੇਖੋ । Attention deficit hyperactivity disorder.

    ਦ ਰਾਇਲ ਚਿਲਡਰਨ ਹਸਪਤਾਲ ਕਮਿਊਨਿਟੀ ਇਨਫਰਮੇਸ਼ਨ, ਡਿਪਾਰਟਮੈਂਟ ਆਫ ਅਡੋਲੈਸੈਂਟ ਮੈਡੀਸਨ, ਅਤੇ ਦ RCH ਚਾਈਲਡ ਹੈਲਥ ਪੋਲ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ। 

    ਪਹਿਲੀ ਵਾਰ ਅਕਤੂਬਰ 2023 ਨੂੰ ਪ੍ਰਕਾਸ਼ਿਤ ਕੀਤਾ ਗਿਆ। 

    ਇਹ ਜਾਣਕਾਰੀ ਨਿਰਧਾਰਤ ਸਮੀਖਿਆ ਦੀ ਉਡੀਕ ਕਰ ਰਹੀ ਹੈ। ਕਿਰਪਾ ਕਰਕੇ ਹਮੇਸ਼ਾ ਰਜਿਸਟਰਡ ਅਤੇ ਅਭਿਆਸ ਕਰਨ ਵਾਲੇ ਡਾਕਟਰ ਤੋਂ ਸਭ ਤੋਂ ਤਾਜ਼ਾ ਸਲਾਹ ਲਓ।

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।