Asthma (Punjabi) – ਦਮਾ ਰੋਗ

  • ਦਮਾ ਇੱਕ ਆਮ ਰੋਗ ਹੈ ਜੋ ਫੇਫੜਿਆਂ ਵਿੱਚ ਹਵਾ ਲੰਘਣ ਦੇ ਛੋਟੇ ਰਸਤੇ (ਸਾਹ ਨਾਲੀ) ਦੇ ਤੰਗ ਹੋਣ ਕਾਰਨ ਹੁੰਦੀ ਹੈ। ਇਹ ਤੰਗ ਹੋਣ ਦੀ ਕਿਰਿਆ ਉਦੋਂ ਵਾਪਰਦੀ ਹੈ ਜਦੋਂ ਹਵਾ ਲੰਘਣ ਦੇ ਰਸਤੇ ਸੁੱਜ ਅਤੇ ਫੁੱਲ ਜਾਂਦੇ ਹਨ, ਜਿਸ ਨਾਲ ਵੱਧ ਬਲਗ਼ਮ ਪੈਦਾ ਹੁੰਦੀ ਹੈ। ਇਸਤੋਂ ਇਲਾਵਾ, ਹਵਾ ਦੇ ਰਸਤੇ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਦੀਆਂ ਪੱਟੀਆਂ ਸਖ਼ਤ ਹੋ ਜਾਂਦੀਆਂ ਹਨ। ਦਮੇ ਦੇ ਦੌਰੇ ਦੌਰਾਨ, ਹਵਾ ਫੇਫੜਿਆਂ ਵਿੱਚ ਫੱਸ ਜਾਂਦੀ ਹੈ। ਇਹ ਤਬਦੀਲੀਆਂ ਫੇਫੜਿਆਂ ਵਿੱਚੋਂ ਹਵਾ ਦੇ ਅੰਦਰ ਅਤੇ ਬਾਹਰ (ਖ਼ਾਸ ਤੌਰ 'ਤੇ ਬਾਹਰ) ਆਉਣ ਨੂੰ ਔਖਾ ਬਣਾ ਦਿੰਦੀਆਂ ਹਨ, ਅਤੇ ਘਰਘਰਾਹਟ, ਖੰਘ ਅਤੇ ਸਾਹ ਲੈਣ ਵਿੱਚ ਸਮੱਸਿਆਵਾਂ ਪੈਦਾ ਕਰਦੀਆਂ ਹਨ।

    • ਫੇਫੜਿਆਂ ਵਿੱਚ ਫੱਸੀ ਹੋਈ ਹਵਾ
    • ਢਿੱਲੇ ਮਾਸਪੇਸ਼ੀ ਬੈਂਡ
    • ਸਖ਼ਤ ਮਾਸਪੇਸ਼ੀ ਬੈਂਡ
    • ਫੁੱਲੀ ਅਤੇ ਸੁੱਜੀ ਹੋਈ ਪਰਤ
    • ਸਾਧਾਰਨ ਸਾਹ ਨਾਲੀ
    • ਦਮੇ ਦੀ ਸਾਹ ਨਾਲੀ
    • ਦੌਰਾ ਪੈਣ ਦੌਰਾਨ ਦਮੇ ਦੀ ਸਾਹ ਨਾਲੀ

    ਬਾਲਾਂ ਅਤੇ ਛੋਟੇ ਬੱਚਿਆਂ ਵਿੱਚ ਘਰਘਰਾਹਟ ਬਹੁਤ ਆਮ ਗੱਲ ਹੈ, ਪਰ ਘਰਘਰਾਹਟ ਹੋਣ ਵਾਲੇ ਸਾਰੇ ਬੱਚਿਆਂ ਨੂੰ ਦਮਾ ਰੋਗ ਨਹੀਂ ਹੁੰਦਾ ਹੈ। ਪੰਜਾਂ ਵਿੱਚੋਂ ਇੱਕ ਬੱਚੇ ਨੂੰ ਬਚਪਨ ਦੌਰਾਨ ਕਿਸੇ ਸਮੇਂ ਦਮਾ ਰੋਗ ਹੋਣ ਦੀ ਪੁਸ਼ਟੀ ਹੋਵੇਗੀ।

    ਸਹੀ ਇਲਾਜ ਨਾਲ, ਦਮੇ ਵਾਲੇ ਲਗਭਗ ਸਾਰੇ ਬੱਚੇ ਖੇਡਾਂ ਵਿੱਚ ਸ਼ਾਮਲ ਹੋ ਸਕਣਗੇ ਅਤੇ ਸਰਗਰਮ ਜੀਵਨ ਜੀਅ ਸਕਣਗੇ। ਦਮਾ ਰੋਗ ਹੋਣ ਵਾਲੇ ਬੱਚਿਆਂ ਕੋਲ ਦਮੇ ਨਾਲ ਨਿਪਟਣ ਦੀ ਯੋਜਨਾ (ਅਸਥਮਾ ਐਕਸ਼ਨ ਪਲਾਨ) ਹੋਣੀ ਚਾਹੀਦਾ ਹੈ ਜੋ ਤੁਹਾਨੂੰ ਦੱਸੇਗੀ ਕਿ ਦਮਾ ਹੋਣ (ਕਈ ਵਾਰ ਦਮੇ ਦੇ ਦੌਰੇ ਵੀ ਕਿਹਾ ਜਾਂਦਾ ਹੈ) ਨੂੰ ਕਿਵੇਂ ਰੋਕਿਆ ਜਾਵੇ ਅਤੇ ਜਦੋਂ ਉਹ ਹੋ ਜਾਂਦਾ ਹੈ ਤਾਂ ਦਮੇ ਨਾਲ ਕਿਵੇਂ ਨਜਿੱਠਣਾ ਹੈ।

    ਦਮਾ ਰੋਗ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਹੈ, ਅਤੇ ਇਹ ਹਰੇਕ ਬੱਚੇ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦਾ ਹੈ। ਬਹੁਤ ਸਾਰੇ ਬੱਚਿਆਂ ਦਾ ਦਮਾ ਰੋਗ ਵੱਡੇ ਹੋਣ 'ਤੇ ਆਪੇ ਬੰਦ ਹੋ ਜਾਵੇਗਾ।

    ਦਮਾ ਰੋਗ ਦੀਆਂ ਨਿਸ਼ਾਨੀਆਂ ਅਤੇ ਲੱਛਣ (Signs and symptoms of asthma)

    ਤੁਹਾਡੇ ਬੱਚੇ ਨੂੰ ਦਮਾ ਰੋਗ ਹੋਣ ਦੇ ਆਮ ਲੱਛਣ ਇਹ ਹਨ:

    • ਸਾਹ ਲੈਣ ਵਿੱਚ ਸਮੱਸਿਆਵਾਂ - ਤੁਹਾਡੇ ਬੱਚੇ ਦਾ ਆਰਾਮ ਕਰਦੇ ਸਮੇਂ ਵੀ ਸਾਹ ਚੜ੍ਹ ਸਕਦਾ ਹੈ, ਛਾਤੀ ਵਿੱਚ ਜਕੜਨ ਮਹਿਸੂਸ ਹੋ ਸਕਦੀ ਹੈ, ਸਾਹ ਲੈਣ ਲਈ ਸਖ਼ਤ ਕੋਸ਼ਿਸ਼ ਕਰਨੀ ਪਵੇਗੀ, ਜਾਂ ਸਾਹ ਲੈਣ ਵਿੱਚ ਰੁਕਾਵਟ ਮਹਿਸੂਸ ਹੋਣ ਕਾਰਨ ਵਾਕ ਪੂਰਾ ਕਰਨ ਵਿੱਚ ਅਸਮਰੱਥ ਹੋ ਸਕਦਾ ਹੈ। ਉਹਨਾਂ ਵਿੱਚ ਊਰਜਾ ਦੀ ਕਮੀ ਜਾਪਦੀ ਹੈ। ਕੁੱਝ ਬੱਚੇ ਖੇਡਾਂ ਖੇਡਣ ਜਾਂ ਕਸਰਤ ਕਰਨ ਨਾਲ ਸਮੱਸਿਆ ਦਾ ਸਾਹਮਣੇ ਕਰਦੇ ਹਨ।
    • ਘਰਘਰਾਹਟ - ਜਦੋਂ ਤੁਹਾਡੇ ਬੱਚੇ ਦਾ ਸਾਹ ਸੀਟੀਆਂ ਵੱਜਣ ਵਾਂਗ ਲੱਗਦਾ ਹੈ।
    • ਖੰਘ - ਇਹ ਆਮ ਤੌਰ 'ਤੇ ਰਾਤ ਨੂੰ ਜਾਂ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਜਦੋਂ ਮੌਸਮ ਠੰਡਾ ਹੁੰਦਾ ਹੈ; ਅਤੇ ਕਸਰਤ ਕਰਨ ਦੌਰਾਨ ਹੁੰਦਾ ਹੈ। ਇਕੱਲੀ ਖੰਘ ਹੋਣ ਦਾ ਮਤਲਬ ਦਮਾ ਰੋਗ ਹੋਣਾ ਨਹੀਂ ਹੈ।

    ਉੱਪਰ ਦੱਸੇ ਗਏ ਲੱਛਣ ਇੱਕ ਹਲਕੇ ਦਮਾ ਰੋਗ ਦੇ ਲੱਛਣ ਹਨ। ਇਹ ਲੱਛਣ ਅਕਸਰ ਦੋ ਤੋਂ ਤਿੰਨ ਦਿਨ ਲਈ, ਅਤੇ ਕਈ ਵਾਰ ਲੰਬੇ ਸਮੇਂ ਤੱਕ ਜਾਰੀ ਰਹਿਣਗੇ। ਦਮਾ ਰੋਗ ਜ਼ਿਆਦਾਤਰ ਹਲਕਾ ਹੁੰਦਾ ਹੈ।

    ਗੰਭੀਰ ਦਮਾ ਰੋਗ ਹੋਣ ਸਮੇਂ:

    • ਤੁਹਾਡੇ ਬੱਚੇ ਨੂੰ ਸਾਹ ਲੈਣ ਲਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਬਹੁਤ ਪ੍ਰੇਸ਼ਾਨ ਹੋ ਸਕਦਾ ਹੈ, ਥੱਕ ਸਕਦਾ ਹੈ ਜਾਂ ਲੰਗੜਾ ਕੇ ਵੀ ਚੱਲਦਾ ਹੋ ਸਕਦਾ ਹੈ
    • ਜਦੋਂ ਉਹ ਸਾਹ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਗਲੇ ਜਾਂ ਛਾਤੀ 'ਤੇ ਡੂੰਘੀ ਖਿੱਚ ਪੈਂਦੀ ਦੇਖ ਸਕਦੇ ਹੋ
    • ਤੁਸੀਂ ਸਾਹ ਲੈਣ ਨਾਲ ਆਵਾਜ਼ ਆਉਣ ਜਾਂ ਬੁੱਲ੍ਹਾਂ ਦੇ ਆਲੇ-ਦੁਆਲੇ ਨੀਲਾ ਰੰਗ ਹੋਣ ਦੀ ਤਬਦੀਲੀ ਹੁੰਦੀ ਦੇਖ ਸਕਦੇ ਹੋ

    ਗੰਭੀਰ ਦਮਾ ਰੋਗ ਹੋਣ ਦੀ ਘਟਨਾ ਵਿੱਚ ਤੁਰੰਤ ਐਂਬੂਲੈਂਸ ਨੂੰ ਫ਼ੋਨ ਕਰੋ।

    ਦਮਾ ਰੋਗ ਹੋਣ ਦਾ ਕੀ ਕਾਰਨ ਹੈ?

    ਦਮਾ ਰੋਗ ਹੋਣ ਦਾ ਕਾਰਨ ਅਕਸਰ ਅਣਜਾਣ ਹੁੰਦਾ ਹੈ। ਇਹ ਪਰਿਵਾਰਾਂ ਵਿੱਚ ਹੁੰਦਾ ਹੋ ਸਕਦਾ ਹੈ, ਅਤੇ ਕੁੱਝ ਬੱਚਿਆਂ ਦਾ ਦਮਾ ਰੋਗ ਹੋਰ ਰੋਗਾਂ, ਜਿਵੇਂ ਕਿ ਚੰਬਲ, ਪਰਾਗ ਤਾਪ ਅਤੇ ਐਲਰਜੀ ਨਾਲ ਸੰਬੰਧਿਤ ਹੁੰਦਾ ਹੈ।

    ਬਹੁਤ ਸਾਰੀਆਂ ਚੀਜ਼ਾਂ ਹਨ ਜੋ ਦਮਾ ਰੋਗ ਨੂੰ ਸ਼ੁਰੂ ਕਰ ਸਕਦੀਆਂ ਹਨ। ਇਸਦੇ ਹੋਣ ਦਾ ਸਭ ਤੋਂ ਆਮ ਕਾਰਨ ਵਾਇਰਸ ਦੇ ਕਾਰਨ ਸਾਹ ਪ੍ਰਣਾਲੀ ਦਾ ਇਨਫੈਕਸ਼ਨ ਹੋਣਾ ਹੈ, ਜਿਵੇਂ ਕਿ ਜ਼ੁਕਾਮ ਹੋਣਾ। ਦਮਾ ਰੋਗ ਹੋਣ ਦੇ ਹੋਰ ਆਮ ਕਾਰਨਾਂ ਵਿੱਚ ਸ਼ਾਮਲ ਹਨ: :

    • ਕਸਰਤ
    • ਮੌਸਮ ਜਾਂ ਹਵਾ ਦੀਆਂ ਹਾਲਾਤਾਂ ਵਿੱਚ ਬਦਲਾਅ
    • ਘਰ ਵਿੱਚ ਧੂੜ ਦੇ ਕਣ, ਪਰਾਗ ਜਾਂ ਪਾਲਤੂ ਜਾਨਵਰ।

    'ਥੰਡਰਸਟਾਰਮ ਅਸਥਮਾ' ਬਸੰਤ ਰੁੱਤ ਵਿੱਚ ਉੱਚ ਪਰਾਗ ਪੱਧਰਾਂ ਅਤੇ ਇੱਕ ਖ਼ਾਸ ਕਿਸਮ ਦੇ ਤੂਫ਼ਾਨ ਦੇ ਸੁਮੇਲ ਕਾਰਨ ਹੋ ਸਕਦਾ ਹੈ। ਦਮਾ ਰੋਗ ਹੋਣ ਦੇ ਜ਼ੋਖਮ ਵਾਲੇ ਲੋਕਾਂ ਨੂੰ ਵੱਧ ਖ਼ਤਰੇ ਦੇ ਸਮੇਂ ਦੌਰਾਨ ਆਪਣੇ ਦਮਾ ਰੋਗ ਦਾ ਇਲਾਜ ਆਪਣੇ ਨਾਲ ਰੱਖਣਾ ਚਾਹੀਦਾ ਹੈ।

    ਸਿਗਰਟ ਦਾ ਧੂੰਆਂ, ਇੱਥੋਂ ਤੱਕ ਕਿ ਕੱਪੜਿਆਂ ਜਾਂ ਫਰਨੀਚਰ 'ਤੇ ਪਿਆ ਹੋਇਆ ਵੀ, ਦਮਾ ਰੋਗ ਨੂੰ ਸ਼ੁਰੂ ਕਰ ਸਕਦਾ ਹੈ, ਇਸ ਲਈ ਆਪਣੇ ਘਰ ਵਿੱਚ ਜਾਂ ਆਪਣੇ ਬੱਚੇ ਦੇ ਆਸ-ਪਾਸ ਕਿਸੇ ਨੂੰ ਵੀ ਸਿਗਰਟ ਪੀਣ ਦੀ ਇਜਾਜ਼ਤ ਨਾ ਦਿਓ।

    ਹਾਲਾਂਕਿ ਇਹ ਜਾਣਨਾ ਹਮੇਸ਼ਾ ਸੰਭਵ ਨਹੀਂ ਹੁੰਦਾ ਹੈ ਕਿ ਦਮਾ ਰੋਗ ਕਦੋਂ ਹੋਵੇਗਾ, ਇਸ ਲਈ ਤੁਹਾਡੇ ਲਈ ਇਹ ਜਾਣਨਾ ਮਦਦਗਾਰ ਹੁੰਦਾ ਹੈ ਕਿ ਤੁਹਾਡੇ ਬੱਚੇ ਦੇ ਦਮਾ ਰੋਗ ਦਾ ਕੀ ਕਾਰਨ ਹੋ ਸਕਦਾ ਹੈ, ਤਾਂ ਜੋ ਤੁਸੀਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਸਕੋ।

    ਡਾਕਟਰ ਨੂੰ ਕਦੋਂ ਮਿਲਣਾ ਹੈ (When to see a doctor)

    ਜੇਕਰ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਸਮੱਸਿਆ, ਘਰਘਰਾਹਟ ਜਾਂ ਖੰਘ ਹੈ, ਤਾਂ ਇਹ ਸਲਾਹ ਲੈਣ ਲਈ ਕਿ ਕੀ ਇਹ ਦਮਾ ਰੋਗ ਹੋ ਸਕਦਾ ਹੈ, ਉਸਨੂੰ ਜੀਪੀ ਕੋਲ ਲੈ ਕੇ ਜਾਣਾ ਅਹਿਮ ਹੈ। ਜੇਕਰ ਤੁਹਾਡੇ ਬੱਚੇ ਨੂੰ ਦਮਾ ਰੋਗ ਹੈ, ਤਾਂ ਆਪਣੇ ਜੀਪੀ ਨੂੰ ਦਮੇ ਨਾਲ ਨਿਪਟਣ ਦੀ ਯੋਜਨਾ (ਅਸਥਮਾ ਐਕਸ਼ਨ ਪਲਾਨ) ਬਣਾਉਣ ਲਈ ਕਹੋ। ਦਮੇ ਨਾਲ ਨਿਪਟਣ ਦੀ ਯੋਜਨਾ ਤੁਹਾਨੂੰ ਦੱਸੇਗੀ ਕਿ ਦਮਾ ਰੋਗ ਸ਼ੁਰੂ ਹੋਣ ਨੂੰ ਕਿਵੇਂ ਰੋਕਿਆ ਜਾਵੇ ਅਤੇ ਦਮਾ ਰੋਗ ਸ਼ੁਰੂ ਹੋਣ 'ਤੇ ਉਹਨਾਂ ਨਾਲ ਕਿਵੇਂ ਨਜਿੱਠਿਆ ਜਾਵੇ।

    ਇਲਾਜ – ਦਮੇ ਨਾਲ ਨਿਪਟਣ ਦੀ ਯੋਜਨਾ (ਅਸਥਮਾ ਐਕਸ਼ਨ ਪਲਾਨ)

    ਤੁਹਾਡੇ ਬੱਚੇ ਦੀ ਦਮੇ ਨਾਲ ਨਿਪਟਣ ਦੀ ਯੋਜਨਾ ਅਜਿਹੀ ਥਾਂ 'ਤੇ ਰੱਖੀ ਜਾਣੀ ਚਾਹੀਦੀ ਹੈ ਜਿੱਥੇ ਤੁਸੀਂ ਇਸਨੂੰ ਆਸਾਨੀ ਨਾਲ ਲੱਭ ਸਕੋ। ਯਕੀਨੀ ਬਣਾਓ ਕਿ ਤੁਹਾਡੇ ਬੱਚੇ ਦੀ ਦੇਖਭਾਲ ਕਰਨ ਵਾਲਾ ਹਰੇਕ ਵਿਅਕਤੀ ਇਹ ਜਾਣਦਾ ਹੈ ਕਿ ਤੁਹਾਡੇ ਬੱਚੇ ਨੂੰ ਦਮਾ ਰੋਗ ਹੈ ਅਤੇ ਉਹ ਸਮਝਦਾ ਹੈ ਕਿ ਦਮਾ ਰੋਗ ਹੋਣ 'ਤੇ ਕੀ ਕਰਨਾ ਹੈ।

    ਰੋਕਥਾਮ ਇਲਾਜ ਦਾ ਸਭ ਤੋਂ ਵੱਧ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਾਰਨਾਂ ਤੋਂ ਬਚੋ ਜੋ ਆਮ ਤੌਰ 'ਤੇ ਦਮਾ ਰੋਗ ਸ਼ੁਰੂ ਕਰਦੇ ਹਨ, ਅਤੇ ਪਰਾਗ ਤਾਪ ਅਤੇ ਚੰਬਲ ਵਰਗੀਆਂ ਹੋਰ ਸਥਿਤੀਆਂ ਨੂੰ ਕਾਬੂ ਹੇਠ ਰੱਖੋ।

    ਦਮਾ ਰੋਗ ਵਾਲੇ ਬੱਚਿਆਂ ਦੁਆਰਾ ਅਕਸਰ ਵਰਤੀਆਂ ਜਾਣ ਵਾਲੀਆਂ ਦੋ ਕਿਸਮਾਂ ਦੀਆਂ ਦਵਾਈਆਂ ਰਾਹਤ ਦੇਣ ਵਾਲੀਆਂ ਅਤੇ ਰੋਕਥਾਮ ਕਰਨ ਵਾਲੀਆਂ ਹੁੰਦੀਆਂ ਹਨ। ਕੁੱਝ ਬੱਚਿਆਂ ਨੂੰ ਇੱਕ ਤੀਬਰ ਦਮੇ ਦੇ ਦੌਰੇ ਦੌਰਾਨ ਮੂੰਹ ਰਹੀ ਲਈਆਂ ਜਾਣ ਵਾਲੀਆ ਸਟੀਰੌਇਡ ਦਵਾਈਆਂ ਵੀ ਦਿੱਤੀਆਂ ਜਾ ਸਕਦੀਆਂ ਹਨ।

    ਰਾਹਤ ਦੇਣ ਵਾਲੀਆਂ ਦਵਾਈਆਂ (ਰਿਲੀਵਰ)

    ਰਾਹਤ ਦੇਣ ਵਾਲੀਆਂ ਦਵਾਈਆਂ ਸਾਹ ਲੈਣ ਵਿੱਚ ਆਸਾਨ ਬਣਾਉਣ ਲਈ ਸਾਹ ਨਾਲੀਆਂ ਨੂੰ ਖੋਲ੍ਹਣ ਵਿੱਚ ਮਦਦ ਕਰਦੀਆਂ ਹਨ। ਉਹ ਸਾਹ ਲੈਣ ਵਾਲੀਆਂ ਨਾਲੀਆਂ ਦੀ ਤੰਗੀ ਨੂੰ ਢਿੱਲਾ ਕਰਦੀਆਂ ਹਨ ਅਤੇ ਦਮੇ ਦੇ ਲੱਛਣਾਂ ਤੋਂ ਛੁਟਕਾਰਾ ਦਿਵਾਉਂਦੇ ਹੋਏ ਸਾਹ ਲੈਣ ਨੂੰ ਆਸਾਨ ਬਣਾਉਂਦੀਆਂ ਹਨ। ਉਹ ਬਹੁਤ ਤੇਜ਼ੀ ਨਾਲ ਕੰਮ ਕਰਦੀਆਂ ਹਨ - ਆਮ ਤੌਰ 'ਤੇ ਮਿੰਟਾਂ ਵਿੱਚ। ਸਭ ਤੋਂ ਆਮ ਰਾਹਤ ਦੇਣ ਵਾਲੀ ਦਵਾਈ ਸੈਲਬੂਟਾਮੋਲ (salbutamol) ਹੈ, ਜਿਸਨੂੰ ਆਮ ਤੌਰ 'ਤੇ ਵੈਂਟੋਲਿਨ (Ventolin) ਕਿਹਾ ਜਾਂਦਾ ਹੈ। ਵੱਡੇ ਬੱਚਿਆਂ ਨੂੰ ਸਿਮਬੀਕੋਰਟ (Symbicort) ਨਾਮ ਦੀ ਦਵਾਈ ਵੀ ਦਿੱਤੀ ਜਾ ਸਕਦੀ ਹੈ।

    ਦਮਾ ਹੋਣ ਦੌਰਾਨ, ਤੁਹਾਡੇ ਬੱਚੇ ਨੂੰ ਹਰ ਦੋ ਤੋਂ ਚਾਰ ਘੰਟਿਆਂ ਵਿੱਚ ਰਾਹਤ ਦੇਣ ਵਾਲੀ ਦਵਾਈ ਲੈਣ ਦੀ ਲੋੜ ਪਵੇਗੀ। ਇੱਕ ਵਾਰ ਸ਼ੁਰੂਆਤੀ ਤੌਰ 'ਤੇ ਦਮੇ ਵਿੱਚ ਸੁਧਾਰ ਹੋਣ ਤੋਂ ਬਾਅਦ, ਤੁਹਾਡੇ ਬੱਚੇ ਨੂੰ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਰਾਹਤ ਦੇਣ ਵਾਲੀਆਂ ਦਵਾਈਆਂ ਲੈਂਦੇ ਰਹਿਣ ਦੀ ਜ਼ਰੂਰਤ ਹੋਵੇਗੀ ਜਦੋਂ ਤੱਕ ਖੰਘ ਅਤੇ ਘਰਘਰਾਹਟ ਖ਼ਤਮ ਨਹੀਂ ਹੋ ਜਾਂਦੀ ਹੈ।

    5 ਸਾਲ ਅਤੇ ਇਸਤੋਂ ਘੱਟ ਉਮਰ ਦੇ ਜ਼ਿਆਦਾਤਰ ਬੱਚਿਆਂ ਨੂੰ ਇੱਕ ਸਮੇਂ ਵਿੱਚ ਵੈਂਟੋਲਿਨ ਦੇ ਦੋ ਤੋਂ ਛੇ ਪਫਾਂ ਦੀ ਲੋੜ ਪਵੇਗੀ, ਅਤੇ ਛੇ ਸਾਲ ਜਾਂ ਇਸਤੋਂ ਵੱਧ ਉਮਰ ਦੇ ਜ਼ਿਆਦਾਤਰ ਬੱਚੇ ਇੱਕ ਸਮੇਂ ਵਿੱਚ ਵੈਂਟੋਲਿਨ ਦੇ 12 ਪਫਾਂ ਦੀ ਵਰਤੋਂ ਕਰਦੇ ਹਨ।

    ਤੁਹਾਡਾ ਜੀਪੀ ਪ੍ਰੀਡਨੀਸੋਲੋਨ (ਜੋ ਇੱਕ ਕਿਸਮ ਦਾ ਸਟੀਰੌਇਡ ਹੈ) ਵੀ ਲਿਖ ਸਕਦਾ ਹੈ। ਇਹ ਸਾਹ ਲੈਣ ਵਾਲੀਆਂ ਨਾਲੀਆਂ ਨੂੰ ਵੈਂਟੋਲਿਨ ਪ੍ਰਤੀ ਵਧੇਰੇ ਕੰਮ ਕਰਨ ਵਾਲਾ ਬਣਾਕੇ ਮੱਦਦ ਕਰਦਾ ਹੈ। ਇਹ ਸਾਹ ਵਾਲੀਆਂ ਨਾਲੀਆਂ ਦੀ ਪਰਤ ਨੂੰ ਸੁੱਜਣ ਜਾਂ ਰੁਕਾਵਟ ਪੈਣ ਤੋਂ ਰੋਕਣ ਵਿੱਚ ਵੀ ਮੱਦਦ ਕਰਦਾ ਹੈ। ਇਹ ਆਮ ਤੌਰ 'ਤੇ ਵੱਧ ਤੋਂ ਵੱਧ ਤਿੰਨ ਦਿਨਾਂ ਲਈ ਵਰਤਿਆ ਜਾਂਦਾ ਹੈ।

    ਰੋਕਥਾਮ ਕਰਨ ਵਾਲੀਆਂ ਦਵਾਈਆਂ

    ਰੋਕਥਾਮ ਕਰਨ ਵਾਲੀਆਂ ਦਵਾਈਆਂ ਦਮਾ ਰੋਗ ਨੂੰ ਸ਼ੁਰੂ ਹੋਣ ਤੋਂ ਰੋਕਣ ਵਿੱਚ ਮੱਦਦ ਕਰਦੀਆਂ ਹਨ। ਫਲਿਕਸੋਟਾਈਡ (Flixotide) ਇੱਕ ਰੋਕਥਾਮ ਕਰਨ ਵਾਲੀ ਦਵਾਈ ਹੈ ਜੋ ਸਾਹ ਰਾਹੀਂ ਲਈ ਜਾਂਦੀ ਹੈ, ਅਤੇ ਸਿੰਗੁਲੇਅਰ (Singulair) ਗੋਲੀ ਦੇ ਰੂਪ ਵਿੱਚ ਲਈ ਜਾਣ ਵਾਲੀ ਇੱਕ ਰੋਕਥਾਮ ਕਰਨ ਵਾਲੀ ਦਵਾਈ ਹੈ। ਠੀਕ ਹੋਣ ਦੇ ਬਾਵਜੂਦ ਵੀ, ਰੋਕਥਾਮ ਕਰਨ ਵਾਲੀਆਂ ਦਵਾਈਆਂ ਹਰ ਰੋਜ਼ ਲੈਣੀਆਂ ਪੈਂਦੀਆਂ ਹਨ।

    ਸਾਰੇ ਬੱਚਿਆਂ ਨੂੰ ਰੋਕਥਾਮ ਵਾਲੀ ਦਵਾਈ ਦੀ ਲੋੜ ਨਹੀਂ ਹੁੰਦੀ ਹੈ। ਜੇਕਰ ਤੁਹਾਡਾ ਬੱਚਾ ਹਫ਼ਤੇ ਵਿੱਚ ਇੱਕ ਤੋਂ ਵੱਧ ਵਾਰ ਦਮੇ ਦੇ ਲੱਛਣ ਦਿਖਾ ਰਿਹਾ ਹੈ, ਤਾਂ ਤੁਹਾਡਾ ਜੀਪੀ ਰੋਕਥਾਮ ਵਾਲੀ ਦਵਾਈ ਦਾ ਸੁਝਾਅ ਦੇ ਸਕਦਾ ਹੈ। ਰੋਕਥਾਮ ਕਰਨ ਵਾਲੀਆਂ ਦਵਾਈਆਂ ਲੈਣ ਵਾਲੇ ਬੱਚਿਆਂ ਨੂੰ ਇਹ ਯਕੀਨੀ ਬਣਾਉਣ ਲਈ ਨਿਯਮਿਤ ਤੌਰ 'ਤੇ ਆਪਣੇ ਜੀਪੀ ਨੂੰ ਦੇਖਣ ਦੀ ਲੋੜ ਹੁੰਦੀ ਹੈ ਕਿ ਦਵਾਈਆਂ ਚੰਗੀ ਤਰ੍ਹਾਂ ਕੰਮ ਕਰ ਰਹੀਆਂ ਹਨ। ਜੀਪੀ ਲੋੜ ਅਨੁਸਾਰ ਦਵਾਈ ਦੀ ਖ਼ੁਰਾਕ ਵਿੱਚ ਫੇਰ-ਬਦਲ ਕਰੇਗਾ।

    ਦਮੇ ਦੀ ਦਵਾਈ ਦੇਣਾ (Giving asthma medicine)

    ਦਮੇ ਦੀਆਂ ਜ਼ਿਆਦਾਤਰ ਦਵਾਈਆਂ ਲੈਣ ਦਾ ਸਭ ਤੋਂ ਵਧੀਆ ਤਰੀਕਾ ਸਾਹ ਰਾਹੀਂ ਲੈਣਾ ਹੈ। ਨੈਬੂਲਾਈਜ਼ਰ ਉਹ ਮਸ਼ੀਨਾਂ ਹਨ ਜੋ ਤਰਲ ਦਵਾਈ ਨੂੰ ਭਾਫ਼ ਵਿੱਚ ਬਦਲ ਦਿੰਦੀਆਂ ਹਨ ਜਿਸਨੂੰ ਮਾਸਕ ਜਾਂ ਮੂੰਹ 'ਤੇ ਲਗਾਏ ਜਾਣ ਵਾਲੇ ਕੁੱਪੇ ਰਾਹੀਂ ਸਾਹ ਰਾਹੀਂ ਲਿਆ ਜਾ ਸਕਦਾ ਹੈ। ਜ਼ਿਆਦਾਤਰ ਬੱਚੇ ਪਫਰਾਂ ਦੇ ਨਾਲ ਸਪੇਸਰ ਯੰਤਰਾਂ ਦੀ ਵਰਤੋਂ ਕਰਨਗੇ, ਜੋ ਕਿ ਨੈਬੂਲਾਈਜ਼ਰ ਵਾਂਗ ਕੰਮ ਕਰਦੇ ਹਨ। ਸਪੇਸਰ ਯੰਤਰ ਨੈਬੂਲਾਈਜ਼ਰਾਂ ਨਾਲੋਂ ਸਸਤੇ, ਤੇਜ਼ ਅਤੇ ਬਹੁਤ ਜ਼ਿਆਦਾ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਏ ਜਾ ਸਕਦੇ ਹਨ, ਜੋ ਆਮ ਤੌਰ 'ਤੇ ਸਿਰਫ਼ ਹਸਪਤਾਲਾਂ ਅਤੇ ਐਂਬੂਲੈਂਸਾਂ ਵਿੱਚ ਵਰਤੇ ਜਾਂਦੇ ਹਨ।

    ਯਕੀਨੀ ਬਣਾਓ ਕਿ ਤੁਹਾਡਾ ਬੱਚਾ ਜਾਣਦਾ ਹੈ ਕਿ ਆਪਣੀਆਂ ਦਮੇ ਦੀਆਂ ਦਵਾਈਆਂ ਕਿਵੇਂ ਲੈਣੀਆਂ ਹਨ, ਅਤੇ ਤੁਸੀਂ ਸਮਝਦੇ ਹੋ ਕਿ ਉਹਨਾਂ ਦੀ ਸਹਾਇਤਾ ਕਿਵੇਂ ਕਰਨੀ ਹੈ। ਸਾਡੀ ਤੱਥ ਸ਼ੀਟ 'ਦਮਾ - ਸਪੇਸਰਾਂ ਦੀ ਵਰਤੋਂ' ਦੇਖੋ। Asthma – use of spacers.

    ਯਕੀਨੀ ਬਣਾਓ ਕਿ ਤੁਹਾਡਾ ਬੱਚਾ ਆਪਣੀ ਦਮੇ ਦੀ ਦਵਾਈ ਅਤੇ ਦਮੇ ਨਾਲ ਨਿਪਟਣ ਦੀ ਯੋਜਨਾ ਹਰ ਸਮੇਂ ਆਪਣੇ ਨਾਲ ਰੱਖਦਾ ਹੈ।

    ਦਮਾ ਰੋਗ ਹੋਏ ਹੋਣ ਦੌਰਾਨ ਕੀ ਕਰਨਾ ਹੈ (What to do during an episode of asthma)

    ਜੇਕਰ ਤੁਹਾਡੇ ਬੱਚੇ ਨੂੰ ਦਮਾ ਰੋਗ ਸ਼ੁਰੂ ਹੋ ਜਾਂਦਾ ਹੈ, ਤਾਂ ਆਪਣੇ ਬੱਚੇ ਦੀ ਦਮੇ ਨਾਲ ਨਿਪਟਣ ਦੀ ਯੋਜਨਾ ਵਿੱਚ ਦਿੱਤੀ ਸਲਾਹ ਦੀ ਪਾਲਣਾ ਕਰੋ, ਜਾਂ ਹੇਠਾਂ ਦਿੱਤੇ 4x4x4 ਦਮੇ ਦੀ ਫਸਟ ਏਡ (ਮੁੱਢਲੀ ਸਹਾਇਤਾ) ਦੇ ਕਦਮਾਂ ਦੀ ਪਾਲਣਾ ਕਰੋ:

    1. ਆਪਣੇ ਬੱਚੇ ਨੂੰ ਅਰਾਮਦਾਇਕ ਸਥਿਤੀ ਵਿੱਚ ਸਿੱਧੇ ਬੈਠਾਓ ਅਤੇ ਸ਼ਾਂਤ ਰਹੋ।
    2. ਜੇਕਰ ਉਪਲਬਧ ਹੋਵੇ, ਨੀਲੇ ਰਿਲੀਵਰ ਪਫ਼ਰ ਨੂੰ ਹਿਲਾਓ ਅਤੇ ਸਪੇਸਰ ਰਾਹੀਂ ਇੱਕ-ਇੱਕ ਕਰਕੇ ਚਾਰ ਪਫ਼ ਦਿਓ। ਇੱਕ ਵਾਰ ਵਿੱਚ ਇੱਕ ਪਫ਼ ਦਿਓ ਅਤੇ ਆਪਣੇ ਬੱਚੇ ਨੂੰ ਹਰ ਪਫ਼ ਤੋਂ ਬਾਅਦ ਸਪੇਸਰ ਵਿੱਚੋਂ ਚਾਰ ਵਾਰ ਸਾਹ ਲੈਣ ਲਈ ਕਹੋ। ਤੁਸੀਂ ਹਰ ਸਾਹ ਨਾਲ ਇੱਕ ਕਲਿੱਕ ਸੁਣ ਸਕਦੇ ਹੋ।
    3. ਚਾਰ ਮਿੰਟ ਉਡੀਕ ਕਰੋ। ਜੇਕਰ ਤੁਹਾਡੇ ਬੱਚੇ ਦੇ ਦਮੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਹੈ ਤਾਂ ਕਦਮ 2 ਦੁਹਰਾਓ।
    4. ਜੇਕਰ ਫਿਰ ਵੀ ਕੋਈ ਸੁਧਾਰ ਨਹੀਂ ਹੁੰਦਾ, ਤਾਂ ਤੁਰੰਤ ਐਂਬੂਲੈਂਸ ਨੂੰ ਫ਼ੋਨ ਕਰੋ। ਦੱਸੋ ਕਿ ਤੁਹਾਡੇ ਬੱਚੇ ਨੂੰ ਦਮੇ ਦੀ ਐਮਰਜੈਂਸੀ ਹੈ। ਐਂਬੂਲੈਂਸ ਦੀ ਉਡੀਕ ਕਰਦੇ ਹੋਏ ਲਗਾਤਾਰ ਕਦਮ 2 ਅਤੇ 3 ਨੂੰ ਦੁਹਰਾਓ।

    ਯਾਦ ਰੱਖਣ ਲਈ ਮੁੱਖ ਨੁਕਤੇ (Key points to remember)

    • ਆਪਣੇ ਡਾਕਟਰ ਨੂੰ ਦਮੇ ਨਾਲ ਨਿਪਟਣ ਦੀ ਯੋਜਨਾ (ਅਸਥਮਾ ਐਕਸ਼ਨ ਪਲਾਨ) ਬਣਾਉਣ ਲਈ ਕਹੋ।
    • ਦਮਾ ਰੋਗ ਹੋਏ ਹੋਣ ਦੌਰਾਨ ਲੱਛਣਾਂ ਤੋਂ ਰਾਹਤ ਪਾਉਣ ਲਈ ਰਾਹਤ ਵਾਲਾ ਇਲਾਜ ਲਿਆ ਜਾਣਾ ਚਾਹੀਦਾ ਹੈ।
    • ਜੇ ਰੋਕਥਾਮ ਵਾਲਾ ਇਲਾਜ ਤੁਹਾਡੇ ਡਾਕਟਰ ਦੁਆਰਾ ਤਜਵੀਜ਼ ਕੀਤਾ ਗਿਆ ਹੈ ਤਾਂ ਇਹ ਹਰ ਰੋਜ਼ ਲਿਆ ਜਾਣਾ ਚਾਹੀਦਾ ਹੈ, ਭਾਵੇਂ ਤੁਹਾਡਾ ਬੱਚਾ ਠੀਕ ਹੀ ਹੋਵੇ।
    • ਯਕੀਨੀ ਬਣਾਓ ਕਿ ਤੁਹਾਡਾ ਬੱਚਾ ਜਾਣਦਾ ਹੈ ਕਿ ਆਪਣੀਆਂ ਦਮੇ ਦੀਆਂ ਦਵਾਈਆਂ ਕਿਵੇਂ ਲੈਣੀਆਂ ਹਨ, ਅਤੇ ਤੁਸੀਂ ਸਮਝਦੇ ਹੋ ਕਿ ਉਹਨਾਂ ਦੀ ਸਹਾਇਤਾ ਕਿਵੇਂ ਕਰਨੀ ਹੈ।
    • ਯਕੀਨੀ ਬਣਾਓ ਕਿ ਤੁਹਾਡਾ ਬੱਚਾ ਆਪਣੀ ਦਮੇ ਦੀ ਦਵਾਈ ਅਤੇ ਦਮੇ ਨਾਲ ਨਿਪਟਣ ਦੀ ਯੋਜਨਾ ਹਰ ਸਮੇਂ ਆਪਣੇ ਨਾਲ ਰੱਖਦਾ ਹੈ।
    • ਜੇਕਰ ਤੁਹਾਡੇ ਬੱਚੇ ਨੂੰ ਦਮਾ ਰੋਗ ਸ਼ੁਰੂ ਹੋ ਜਾਂਦਾ ਹੈ, ਤਾਂ ਉਹਨਾਂ ਦੀ ਦਮੇ ਨਾਲ ਨਿਪਟਣ ਦੀ ਯੋਜਨਾ ਜਾਂ 4x4x4 ਦਮੇ ਦੀ ਫਸਟ ਏਡ (ਮੁੱਢਲੀ ਸਹਾਇਤਾ) ਦੇ ਕਦਮਾਂ ਦੀ ਪਾਲਣਾ ਕਰੋ।
    • ਜੇ ਤੁਹਾਡੇ ਬੱਚੇ ਦੇ ਲੱਛਣ ਬਹੁਤ ਤੇਜ਼ੀ ਨਾਲ ਵਿਗੜ ਜਾਂਦੇ ਹਨ, ਜਾਂ ਜੇ ਉਸਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ਼ ਹੋ ਰਹੀ ਹੈ, ਗੱਲ ਕਰਨ ਵਿੱਚ ਅਸਮਰੱਥ ਹੈ, ਜਾਂ ਉਸਦੇ ਬੁੱਲ੍ਹ ਨੀਲੇ ਹੋ ਜਾਂਦੇ ਹਨ ਤਾਂ ਐਂਬੂਲੈਂਸ ਨੂੰ ਤੁਰੰਤ ਫ਼ੋਨ ਕਰੋ।

    ਵਧੇਰੇ ਜਾਣਕਾਰੀ ਲਈ (For more information)

    ਕਿਡਜ਼ ਹੈਲਥ ਇਨਫ਼ੋ ਤੱਥ ਸ਼ੀਟ: ਦਮਾ ਰੋਗ - ਸਪੇਸਰ ਦੀ ਵਰਤੋਂ  

    ਕਿਡਜ਼ ਹੈਲਥ ਇਨਫ਼ੋ ਤੱਥ ਸ਼ੀਟ: ਦਮਾ - ਵੀਡੀਓ    

    ਨੈਸ਼ਨਲ ਅਸਥਮਾ ਕੌਂਸਲ ਆਸਟ੍ਰੇਲੀਆ

    ਅਸਥਮਾ ਆਸਟ੍ਰੇਲੀਆ

    ਸਾਡੇ ਡਾਕਟਰਾਂ ਨੂੰ ਪੁੱਛੇ ਜਾਂਦੇ ਆਮ ਸਵਾਲ (Common questions our doctors are asked)

    ਕੀ ਮੈਨੂੰ ਆਪਣੇ ਬੱਚੇ ਨੂੰ ਦਮੇ ਦੀ ਦਵਾਈ ਲਈ ਜਗਾਉਣਾ ਚਾਹੀਦਾ ਹੈ ਜੇਕਰ ਉਹ ਸੁੱਤਾ ਹੋਇਆ ਹੈ?

    ਆਮ ਤੌਰ 'ਤੇ, ਨਹੀਂ। ਜੇਕਰ ਤੁਹਾਨੂੰ ਖੰਘ ਜਾਂ ਘਰਰ ਘਰਰ ਦੀ ਆਵਾਜ਼ ਨਹੀਂ ਆ ਰਹੀ ਹੈ, ਅਤੇ ਉਹ ਆਰਾਮ ਨਾਲ ਸਾਹ ਲੈਣ ਲਈ ਸਖ਼ਤ ਕੋਸ਼ਿਸ਼ ਨਹੀਂ ਕਰ ਰਹੇ ਹਨ, ਤਾਂ ਆਪਣੇ ਬੱਚੇ ਨੂੰ ਨਾ ਜਗਾਓ।

    ਮੈਂ ਆਪਣੇ ਬੱਚੇ ਨੂੰ ਜੀਪੀ ਜਾਂ ਡਾਕਟਰ ਕੋਲ ਕਦੋਂ ਲੈ ਕੇ ਜਾਵਾਂ?

    ਜੇਕਰ ਤੁਸੀਂ ਰਾਹਤ ਦੇਣ ਵਾਲੀਆਂ ਦਵਾਈਆਂ ਦੀ ਵਰਤੋਂ ਅਕਸਰ ਕਰ ਰਹੇ ਹੋ ਅਤੇ ਸੋਚਦੇ ਹੋ ਕਿ ਰੋਕਥਾਮਕ ਵਾਲੀ ਦਵਾਈ ਮਦਦਗਾਰ ਹੋ ਸਕਦੀ ਹੈ, ਤਾਂ ਆਪਣੇ ਜੀਪੀ ਨੂੰ ਮਿਲੋ। ਜਦੋਂ ਤੁਸੀਂ ਚਿੰਤਤ ਹੋਵੋ, ਜਾਂ ਜੇ ਘਰ ਵਿੱਚ ਵਰਤੀਆਂ ਜਾਂਦੀਆਂ ਦਵਾਈਆਂ ਕੰਮ ਨਹੀਂ ਕਰ ਰਹੀਆਂ ਹਨ ਤਾਂ ਹਮੇਸ਼ਾ ਆਪਣੇ ਜੀਪੀ ਨੂੰ ਮਿਲੋ।

    ਮੈਂ ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੈਂਸੀ ਵਿਭਾਗ ਵਿੱਚ ਕਦੋਂ ਲੈ ਕੇ ਜਾਵਾਂ?

    ਜੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਜਾਂ ਜੇ ਤੁਹਾਡਾ ਬੱਚਾ ਗੱਲ ਕਰਨ ਵਿੱਚ ਅਸਮਰੱਥ ਹੈ। ਜੇਕਰ ਰਾਹਤ ਦੇਣ ਵਾਲੀ ਦਵਾਈ ਲੈਣ ਤੋਂ ਬਾਅਦ ਬਹੁਤ ਘੱਟ ਸੁਧਾਰ ਹੁੰਦਾ ਹੈ ਤਾਂ ਐਂਬੂਲੈਂਸ ਨੂੰ ਫ਼ੋਨ ਕਰੋ।

    ਮੈਂ ਆਪਣੇ ਬੱਚੇ ਨੂੰ ਕਿੰਨੀ ਗਤੀਵਿਧੀ ਕਰਨ ਦੇ ਸਕਦਾ ਹਾਂ?

    ਇੱਕ ਵਾਰ ਸਹੀ ਢੰਗ ਨਾਲ ਨਿਯੰਤਰਣ ਕਰਨ ਲੈਣ ਤੋਂ ਬਾਅਦ, ਤੁਹਾਡੇ ਬੱਚੇ ਨੂੰ ਸਾਰੀਆਂ ਆਮ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਗਤੀਵਿਧੀਆਂ ਕਰਨ 'ਤੇ ਰੋਕ ਲਗਾਉਣ ਦੀ ਕੋਈ ਲੋੜ ਨਹੀਂ ਹੈ।

    ਕੀ ਮੇਰੇ ਬੱਚੇ ਨੂੰ ਜ਼ੁਕਾਮ ਹੋਣ 'ਤੇ ਦਮੇ ਦੇ ਦੌਰੇ ਨੂੰ ਹੋਣ ਤੋਂ ਰੋਕਣ ਲਈ ਐਂਟੀਬਾਇਓਟਿਕਸ ਲੈਣੇ ਚਾਹੀਦੇ ਹਨ?

    ਜ਼ੁਕਾਮ ਇੱਕ ਵਾਇਰਸ ਕਾਰਨ ਹੋਣ ਵਾਲਾ ਸਾਹ ਦਾ ਇਨਫੈਕਸ਼ਨ ਹੁੰਦਾ ਹੈ। ਐਂਟੀਬਾਇਓਟਿਕਸ ਨਾਲ ਵਾਇਰਸ ਨਹੀਂ ਮਾਰੇ ਜਾਂਦੇ ਹਨ। ਇਸ ਲਈ, ਦਮੇ ਨੂੰ ਹੋਣ ਤੋਂ ਰੋਕਣ ਲਈ ਐਂਟੀਬਾਇਓਟਿਕਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਜੇਕਰ ਤੁਹਾਡੇ ਬੱਚੇ ਨੂੰ ਬੈਕਟੀਰੀਆ ਕਾਰਨ ਹੋਣ ਵਾਲਾ ਛਾਤੀ ਦਾ ਇਨਫੈਕਸ਼ਨ ਹੈ ਤਾਂ ਤੁਹਾਡਾ ਜੀਪੀ ਤੁਹਾਡੇ ਬੱਚੇ ਲਈ ਐਂਟੀਬਾਇਓਟਿਕਸ ਲਿਖ ਦੇਵੇਗਾ।

    ਕੀ ਮੇਰੇ ਬੱਚੇ ਨੂੰ ਪ੍ਰਡਨੀਸੋਲੋਨ (prednisolone) ਦੇਣਾ ਸੁਰੱਖਿਅਤ ਹੈ?

    ਸ਼ਾਇਦ ਤੁਸੀਂ ਪ੍ਰਡਨੀਸੋਲੋਨ ਦੇ ਬੁਰੇ ਪ੍ਰਭਾਵਾਂ ਬਾਰੇ ਸੁਣਿਆ ਹੋਵੇਗਾ। ਇਹ ਮਾੜੇ ਪ੍ਰਭਾਵ ਉਦੋਂ ਹੁੰਦੇ ਹਨ ਜਦੋਂ ਦਵਾਈ ਜਾਂ ਤਾਂ ਮਹੀਨਿਆਂ ਤੱਕ ਲੰਬੇ ਕੋਰਸਾਂ ਲਈ ਜਾਂ ਕੁੱਝ ਦਿਨਾਂ ਦੇ ਕਈ ਕੋਰਸਾਂ ਲਈ ਕਈ ਵਾਰ ਦਿੱਤੀ ਜਾਂਦੀ ਹੈ। ਜਦੋਂ ਸਾਹ ਲੈਣ ਵਿੱਚ ਸਮੱਸਿਆ ਹੁੰਦੀ ਹੈ ਤਾਂ ਉਹ ਦੇਣੀ ਜ਼ਰੂਰੀ ਹੋ ਸਕਦੀ ਹੈ ਪਰ ਆਮ ਤੌਰ 'ਤੇ ਇਸਨੂੰ ਐਮਰਜੈਂਸੀ ਇਲਾਜ ਮੰਨਿਆ ਜਾਂਦਾ ਹੈ। ਸਟੀਰੌਇਡ ਲੈਣ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਦਮੇ ਰੋਗ ਨਾਲ ਨਿਪਟਣ ਦੀ ਯੋਜਨਾ ਵਿੱਚ ਸਿਫ਼ਾਰਸ਼ ਕੀਤੀ ਦਵਾਈ ਰੋਜ਼ਾਨਾ ਲੈਣਾ ਹੈ।


    ਇਹ ਰਾਇਲ ਚਿਲਡਰਨਜ਼ ਹਸਪਤਾਲ ਦੁਆਰਾ ਬਣਾਇਆ ਗਿਆ ਹੈ। ਅਸੀਂ RCH ਖ਼ਪਤਕਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਵੱਲੋਂ ਮਿਲੀ ਜਾਣਕਾਰੀ ਨੂੰ ਸਵੀਕਾਰ ਕਰਦੇ ਹਾਂ।

    ਅਗਸਤ 2023 ਦੀ ਸਮੀਖਿਆ ਕੀਤੀ ਗਈ।

    ਕਿਡਜ਼ ਹੈਲਥ ਇਨਫ਼ੋ ਨੂੰ ਦ ਰਾਇਲ ਚਿਲਡਰਨਜ਼ ਹਸਪਤਾਲ ਫਾਊਂਡੇਸ਼ਨ ਦੁਆਰਾ ਸਮਰਥਨ ਹਾਸਿਲ ਹੈ। ਦਾਨ ਕਰਨ ਲਈ, www.rchfoundation.org.au 'ਤੇ ਜਾਓ।

    ਬੇਦਾਅਵਾ

    ਇਹ ਜਾਣਕਾਰੀ ਤੁਹਾਡੇ ਡਾਕਟਰ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨ ਲਈ ਹੈ, ਨਾ ਕਿ ਉਸਨੂੰ ਬਦਲਣ ਲਈ। ਇਹਨਾਂ ਉਪਭੋਗਤਾ ਸਿਹਤ ਜਾਣਕਾਰੀ ਰਚਿਆਂ ਦੇ ਲੇਖਕਾਂ ਨੇ ਇਹ ਯਕੀਨੀ ਬਣਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀ ਸਹੀ, ਨਵੀਨਤਮ ਅਤੇ ਸਮਝਣ ਵਿੱਚ ਆਸਾਨ ਹੈ। ਦ ਰਾਇਲ ਚਿਲਡਰਨਜ਼ ਹਸਪਤਾਲ ਮੈਲਬੌਰਨ ਕਿਸੇ ਵੀ ਅਸ਼ੁੱਧੀਆਂ, ਗੁੰਮਰਾਹਕੁੰਨ ਸਮਝੀ ਜਾਣ ਵਾਲੀ ਜਾਣਕਾਰੀ, ਜਾਂ ਇਹਨਾਂ ਪਰਚਿਆਂ ਵਿੱਚ ਦੱਸੀ ਗਈ ਕਿਸੇ ਵੀ ਇਲਾਜ ਪ੍ਰਣਾਲੀ ਦੀ ਸਫ਼ਲਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਸਵੀਕਾਰਦਾ ਹੈ। ਪਰਚਿਆਂ ਵਿੱਚ ਸ਼ਾਮਲ ਜਾਣਕਾਰੀ ਨੂੰ ਨਿਯਮਿਤ ਤੌਰ 'ਤੇ ਅੱਪਡੇਟ ਕੀਤਾ ਜਾਂਦਾ ਹੈ ਅਤੇ ਇਸ ਲਈ ਤੁਹਾਨੂੰ ਹਮੇਸ਼ਾ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਤੁਸੀਂ ਪਰਚਿਆਂ ਦੇ ਸਭ ਤੋਂ ਤਾਜ਼ਾ ਰੂਪ ਤੋਂ ਜਾਣਕਾਰੀ ਦਾ ਹਵਾਲਾ ਲੈ ਰਹੇ ਹੋ। ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੇ ਯਾਨੀ ਕਿ ਉਪਭੋਗਤਾ 'ਤੇ ਹੈ ਕਿ ਤੁਸੀਂ ਖ਼ਪਤਕਾਰ ਸਿਹਤ ਜਾਣਕਾਰੀ ਪਰਚਿਆਂ ਦਾ ਸਭ ਤੋਂ ਨਵੀਨਤਮ ਸੰਸਕਰਣ ਡਾਊਨਲੋਡ ਕੀਤਾ ਹੈ।